ਸਮਾਰਟ ਸਿਟੀ ਦਾ ਪੈਸਾ ਖਾ ਗਈ ਕਾਂਗਰਸ : ਅੰਮ੍ਰਿਤਪਾਲ ਸਿੰਘ
ਕਾਂਗਰਸ ਦੀ ਸਰਕਾਰ ਸਮਾਰਟ ਸਿਟੀ ਦਾ ਪੈਸਾ ਖਾ ਗਈ : ਅਮ੍ਰਿਤਪਾਲ ਸਿੰਘ
Publish Date: Mon, 08 Dec 2025 09:52 PM (IST)
Updated Date: Mon, 08 Dec 2025 09:54 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਬਿਆਨ ਨੂੰ ਝੂਠ, ਭਰਮ ਤੇ ਬੇਬੁਨਿਆਦ ਰਾਜਨੀਤੀ ਦੱਸਦੇ ਹੋਏ ਤਿੱਖਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪੈਨਸ਼ਨ ਦੇ ਮਾਮਲੇ ’ਤੇ ਬਿਆਨਬਾਜ਼ੀ ਕਰ ਰਹੀ ਹੈ, ਜਦਕਿ ਜਨਤਾ ਅੱਜ ਵੀ ਨਹੀਂ ਭੁੱਲੀ ਕਿ ਕਾਂਗਰਸ ਦੇ ਰਾਜ ’ਚ ਮਹੀਨਿਆਂ ਤੱਕ ਪੈਨਸ਼ਨ ਰੁਕੀ ਰਹਿੰਦੀ ਸੀ, ਬਜ਼ੁਰਗ ਦਫ਼ਤਰਾਂ ਦੇ ਚੱਕਰ ਕੱਟਦੇ ਸਨ ਤੇ ਵਧੀ ਹੋਈ ਰਕਮ ਲੋਕਾਂ ਤੱਕ ਕਦੇ ਪੁੱਜੀ ਹੀ ਨਹੀਂ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ 1500 ਰੁਪਏ ਦੀ ਪੈਨਸ਼ਨ ਦਾ ਝੂਠਾ ਡੰਕਾ ਪਿਟ ਰਹੀ ਹੈ ਪਰ ਆਪਣੇ ਸਮੇਂ ਉਹ ਇਕ ਵਧੀ ਹੋਈ ਰਕਮ ਵੀ ਇਮਾਨਦਾਰੀ ਨਾਲ ਲਾਭਪਾਤਰੀਆਂ ਤੱਕ ਨਹੀਂ ਪਹੁੰਚਾ ਸਕੇ। ਇਸਦੇ ਉਲਟ ਆਪ ਸਰਕਾਰ ਆਉਂਦੇ ਹੀ ਪੈਨਸ਼ਨ ਬਹਾਲ ਕੀਤੀ, ਪੈਸਾ ਸਿੱਧਾ ਖਾਤਿਆਂ ’ਚ ਭੇਜਿਆ ਤੇ ਪੂਰੇ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਤਾਂ ਕਿ ਕਿਸੇ ਬਜ਼ੁਰਗ ਨੂੰ ਗੁੱਸਾ ਨਾ ਸਹਿਣਾ ਪਵੇ। ਸਮਾਰਟ ਸਿਟੀ ਤੇ ਵਿਕਾਸ ਦੇ ਫੰਡਾਂ ਦਾ ਸਭ ਤੋਂ ਵੱਡਾ ਘਪਲਾ ਦੀ ਕਾਂਗਰਸ ਜ਼ਿੰਮੇਵਾਰ ਹੈ। ਅੰਮ੍ਰਿਤਪਾਲ ਸਿੰਘ ਨੇ ਸਖ਼ਤ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮਾਰਟ ਸਿਟੀ ਦਾ ਪੈਸਾ ਹਜ਼ਮ ਕਰ ਗਈ ਤੇ ਅੱਜ ਉਹੀ ਕਾਂਗਰਸੀ ਨੇਤਾ ਵਿਕਾਸ ਬਾਰੇ ਭਾਸ਼ਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੀ ਜਨਤਾ ਅੱਜ ਵੀ ਇਹ ਘਪਲੇ ਨਹੀਂ ਭੁੱਲੀ, ਇਸ ਲਈ ਕਾਂਗਰਸ ਦੇ ਝੂਠੇ ਦੋਸ਼ਾਂ ’ਤੇ ਕੋਈ ਵਿਸ਼ਵਾਸ ਨਹੀਂ ਕਰਦਾ। ---------------------- ਕਾਂਗਰਸ ਕੋਲ ਕੰਮ ਨਹੀਂ, ਸਿਰਫ਼ ਝੂਠੇ ਦੋਸ਼ ਹਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਲੰਧਰ ’ਚ ਜ਼ੋਰ-ਸ਼ੋਰ ਨਾਲ ਵਿਕਾਸ ਹੋ ਰਿਹਾ ਹੈ। ਨਵੀਆਂ ਸੜਕਾਂ, ਸੀਵਰੇਜ ਦੇ ਕੰਮ, ਸਟਰੀਟਲਾਈਟਾਂ, ਸਕੂਲਾਂ ਦੀ ਮੁਰੰਮਤ, ਮਹੱਲਾ ਕਲੀਨਿਕਾਂ ਦਾ ਵਿਸਥਾਰ ਸਾਰੇ ਦੇਖ ਕੇ ਕਾਂਗਰਸ ਪਰੇਸ਼ਾਨ ਹੈ। ਕਾਂਗਰਸ ਨੂੰ ਪਤਾ ਹੈ ਕਿ ਜਿੰਨਾ ਕੰਮ ਨਜ਼ਰ ਆਏਗਾ, ਉਨ੍ਹਾਂ ਦੀ ਰਾਜਨੀਤੀ ਓਨਾ ਹੀ ਕਮਜ਼ੋਰ ਹੋਏਗੀ। ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਜ਼ੁਰਗਾਂ, ਔਰਤਾਂ ਤੇ ਗਰੀਬਾਂ ਦੀ ਪੈਨਸ਼ਨ ’ਤੇ ਰਾਜਨੀਤੀ ਕਰਨ ਤੋਂ ਪਹਿਲਾਂ ਕਾਂਗਰਸ ਆਪਣੇ ਕਾਲੇ ਰਿਕਾਰਡ ’ਤੇ ਨਜ਼ਰ ਮਾਰੇ। ਜਨਤਾ ਨੂੰ ਹੁਣ ਕੰਮ ਚਾਹੀਦਾ ਹੈ ਤੇ ਕੰਮ ਸਿਰਫ਼ ਆਮ ਆਦਮੀ ਪਾਰਟੀ ਕਰਕੇ ਵਿਖਾ ਰਹੀ ਹੈ।