ਜਾਸ, ਜਲੰਧਰ: ਉਦਘਾਟਨ ਨੂੰ

ਜਾਸ, ਜਲੰਧਰ: ਉਦਘਾਟਨ ਨੂੰ ਲੈ ਕੇ ਚੱਲ ਰਹੀ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ। ਤਿੰਨ ਦਿਨ ਪਹਿਲਾਂ ਵਾਰਡ ਨੰਬਰ 49 ਵਿਚ ਸੜਕ ਨਿਰਮਾਣ ਦੇ ਨੀਂਹ ਪੱਥਰ ਪੱਟੀ ’ਤੇ ਹਾਰੇ ਹੋਏ ਆਗੂ ਦਾ ਨਾਂ ਲਿਖਿਆ ਗਿਆ ਸੀ, ਹੁਣ ਵਾਰਡ ਨੰਬਰ 2 ਵਿਚ ਪੱਥਰ ’ਤੇ ਕਾਂਗਰਸੀ ਕੌਂਸਲਰ ਦਾ ਨਾਂ ਗਾਇਬ ਹੈ। ਵਾਰਡ ਨੰਬਰ 2 ਦੇ ਰੇਰੂ ਪਿੰਡ ’ਚ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਦੇ ਕੰਮ ਦੇ ਨੀਂਹ ਪੱਥਰ ’ਤੇ ਕੌਂਸਲਰ ਹਰਪ੍ਰੀਤ ਵਾਲੀਆ ਦਾ ਨਾਂ ਨਹੀਂ ਹੈ। ਪੱਥਰ ’ਤੇ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਵਿਜੇ ਭਾਟੀਆ ਦਾ ਨਾਂ ਹੈ। ਇਸ ਸਬੰਧੀ ਮੁੜ ਵਿਵਾਦ ਖੜ੍ਹ ਗਿਆ ਹੈ। ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਇਕ ਦਿਨ ਪਹਿਲਾਂ ਨਗਰ ਨਿਗਮ ਨੇ ਨੀਂਹ ਪੱਥਰ ਰੱਖਿਆ ਹੈ। ਇਹ ਕੰਮ ਕਾਹਲੀ-ਕਾਹਲੀ ’ਚ ਕੀਤਾ ਗਿਆ ਹੈ ਤੇ ਇਸ ਕਾਰਨ ਪੱਥਰ ਵੀ ਸਹੀ ਤਰੀਕੇ ਨਾਲ ਨਹੀਂ ਲਾਇਆ ਗਿਆ। ਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕੇ ਇੰਚਾਰਜ ਦਿਨੇਸ਼ ਢੱਲ ਮੌਕੇ ’ਤੇ ਆਏ ਪਰ ਵਾਰਡ ਦੇ ਕੌਂਸਲਰ ਹੋਣ ਦੇ ਨਾਤੇ ਉਨ੍ਹਾਂ ਨੂੰ ਨਾ ਤਾਂ ਉਦਘਾਟਨ ਦੌਰਾਨ ਬੁਲਾਇਆ ਗਿਆ ਤੇ ਨਾ ਹੀ ਨੀਂਹ ਪੱਥਰ ’ਤੇ ਉਨ੍ਹਾਂ ਦਾ ਨਾਮ ਲਿਖਿਆ ਗਿਆ, ਜਦਕਿ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਵਿਜੇ ਭਾਟੀਆ ਦਾ ਨਾਂ ਸੰਗਠਨ ਇੰਚਾਰਜ ਦੇ ਤੌਰ ’ਤੇ ਲਿਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਵਿਜੇ ਭਾਟੀਆ ਇੰਨੇ ਮਜ਼ਬੂਤ ਹੁੰਦੇ ਤਾਂ ਉਹ ਵਾਰਡ ਦੇ ਕੌਂਸਲਰ ਨਾ ਬਣਦੇ। ਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਕੰਮ ’ਚ ਵਿਤਕਰਾ ਕਰ ਰਹੀ ਹੈ। ਇਸ ਤੋਂ ਪਹਿਲਾਂ ਵਾਰਡ ਨੰਬਰ 49 ਵਿਚ ਉਦਘਾਟਨੀ ਪੱਥਰ ’ਤੇ ਆਮ ਆਦਮੀ ਪਾਰਟੀ ਦੇ ਆਗੂ ਕਮਲਜੀਤ ਸਿੰਘ ਭਾਟੀਆ ਦਾ ਨਾਂ ਲਿਖਣ ’ਤੇ ਕਾਂਗਰਸ ਦੀ ਕੌਂਸਲਰ ਨੇਹਾ ਮਿੰਟੂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ 2 ਘੰਟੇ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਸੀ। ਇਸੇ ਤਰ੍ਹਾਂ ਵਾਰਡ ਨੰਬਰ 25 ਵਿਚ ਕਾਂਗਰਸ ਦੀ ਕੌਂਸਲਰ ਉਮਾ ਬੇਰੀ ਨੇ ਵੀ ਇਹੀ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਉਦਘਾਟਨ ਪ੍ਰੋਗਰਾਮ ਲਈ ਬੁਲਾਇਆ ਹੀ ਨਹੀਂ ਗਿਆ। ਨਗਰ ਨਿਗਮ ’ਚ ਆਮ ਆਦਮੀ ਪਾਰਟੀ ਦੀ ਸਰਕਾਰ 11 ਮਹੀਨੇ ਪਹਿਲਾਂ ਬਣੀ ਹੈ ਤੇ ਨੀਂਹ ਪੱਥਰ ਪਟਲ ’ਤੇ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਦਾ ਨਾਮ ਨਾ ਲਿਖਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
---
ਪਰਗਟ-ਬਾਵਾ ਕਮਿਸ਼ਨਰ ਨੂੰ ਮਿਲ ਚੁੱਕੇ, ਹਾਊਸ ’ਚ ਵੀ ਉਠਿਆ ਸੀ ਮੁੱਦਾ
ਉਦਘਾਟਨ ਪ੍ਰੋਗਰਾਮ ’ਚ ਕਾਂਗਰਸ ਦੇ ਕੌਂਸਲਰਾਂ ਨਾਲ ਵਿਤਕਰਾ ਤੇ ਉਦਘਾਟਨੀ ਪੱਥਰ 'ਤੇ ਨਾਮ ਲਿਖਣ ਦਾ ਮੁੱਦਾ ਮੇਅਰ ਤੇ ਕਮਿਸ਼ਨਰ ਦੇ ਸਾਹਮਣੇ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਬਾਵਾ ਹੈਨਰੀ ਨੇ ਉਠਾਇਆ ਹੈ। ਵਿਧਾਇਕ ਪਰਗਟ ਸਿੰਘ ਨੇ ਕੈਂਟ ਦੇ ਕੌਂਸਲਰਾਂ ਦੇ ਨਾਲ ਮੇਅਰ ਨੂੰ ਬੈਨਰ ਦੇ ਕੇ ਕੈਂਟ ਹਲਕੇ ਦੇ ਵਾਰਡਾਂ ਵਿਚ ਉਦਘਾਟਨੀ ਪੱਥਰਾਂ ’ਤੇ ਕਾਂਗਰਸੀ ਕੌਂਸਲਰਾਂ ਦਾ ਨਾਮ ਨਾ ਲਿਖਣ 'ਤੇ ਨਾਰਾਜ਼ਗੀ ਪ੍ਰਗਟਾਈ ਸੀ। ਇਸੇ ਤਰ੍ਹਾਂ ਵਿਧਾਇਕ ਬਾਵਾ ਹੈਨਰੀ ਵੀ ਇਹ ਮੁੱਦਾ ਉਠਾ ਚੁੱਕੇ ਹਨ। ਪਿਛਲੇ ਮਹੀਨੇ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੇ ਇਹ ਮੁੱਦਾ ਉਠਾਉਣ ’ਤੇ ਮੇਅਰ ਵਨੀਤ ਧੀਰ ਨੇ ਹਾਊਸ ਵਿਚ ਵਿਸ਼ਵਾਸ ਦਿਵਾਇਆ ਸੀ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ। ਮੇਅਰ ਨੇ ਅਫਸਰਾਂ ਨੂੰ ਵੀ ਹੁਕਮ ਦਿੱਤਾ ਸੀ ਕਿ ਅਜਿਹਾ ਨਾ ਕੀਤਾ ਜਾਵੇ ਪਰ ਇਕ ਹਫ਼ਤੇ ’ਚ ਦੋ ਵਾਰ ਇੰਜ ਹੋ ਗਿਆ ਹੈ।
---
ਕੌਂਸਲਰ ਆਸ਼ੂ ’ਤੇ ਕੇਸ ਦਰਜ ਹੋਣ ਦੇ ਮਾਮਲੇ ’ਚ ਵਧੀ ਨਾਰਾਜ਼ਗੀ
ਕਾਂਗਰਸ ਦੇ ਕੌਂਸਲਰਾਂ ਨਾਲ ਵਿਤਕਰਾ ਤੇ ਵਾਰਡ ਨੰਬਰ 1 ਦੀ ਕੌਂਸਲਰ ਆਸ਼ੂ ਸ਼ਰਮਾ ’ਤੇ ਪੁਲਿਸ ਕੇਸ ਖ਼ਿਲਾਫ਼ ਕਾਂਗਰਸ ਨੇ ਮੇਅਰ ਵਨੀਤ ਧੀਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਕਾਂਗਰਸ ਬੁੱਧਵਾਰ ਨੂੰ ਨਗਰ ਨਿਗਮ ਹੈੱਡ ਕੁਆਰਟਰ ਦੇ ਬਾਹਰ ਧਰਨਾ ਦੇਵੇਗੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਵਾਰਡ ਨੰਬਰ-1 ਦੀ ਕੌਂਸਲਰ ਆਸ਼ੂ ਸ਼ਰਮਾ ਅਤੇ ਯੂਥ ਆਗੂ ਨੋਨੀ ਸ਼ਰਮਾ ’ਤੇ ਗਲਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਕੌਂਸਲਰ ਦੇ ਅਧਿਕਾਰ ਖੇਤਰ ਦੇ ਹਨ ਉਹ ਆਮ ਆਦਮੀ ਪਾਰਟੀ ਦੇ ਆਗੂ ਧੱਕੇਸ਼ਾਹੀ ਕਰਕੇ ਖ਼ੁਦ ਕਰਵਾ ਰਹੇ ਹਨ। ਹਮਲਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਪਰ ਕੇਸ ਕਾਂਗਰਸੀ ਕੌਂਸਲਰ ’ਤੇ ਕਰ ਦਿੱਤਾ। ਉਦਘਾਟਨੀ ਪੱਥਰਾਂ ’ਤੇ ਕਾਂਗਰਸੀ ਕੌਂਸਲਰ ਦਾ ਨਾਮ ਨਹੀਂ ਲਿਖਿਆ ਜਾ ਰਿਹਾ। ਮੇਅਰ ਹਰ ਵਾਰੀ ਕਹਿ ਦਿੰਦੇ ਹਨ ਕਿ ਅਜਿਹਾ ਨਹੀਂ ਹੋਵੇਗਾ ਪਰ ਉਹ ਜਾਣਬੁੱਝ ਕੇ ਅਜਿਹਾ ਕਰਵਾ ਰਹੇ ਹਨ। ਬੁੱਧਵਾਰ ਨੂੰ ਸਵੇਰੇ 10:30 ਵਜੇ ਮੇਅਰ ਨੂੰ ਘੇਰਾਂਗੇ।