ਕਾਲਜ ’ਚ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਦਾ ਸਵਾਗਤ
ਦਯਾਨੰਦ ਆਯੁਰਵੇਦਿਕ ਕਾਲਜ ’ਚ ਨਵੇਂ ਸੈਸ਼ਨ (2025-26) ਦੇ ਵਿਦਿਆਰਥੀਆਂ ਲਈ ਕਰਵਾਇਆ ਇੰਡਕਸ਼ਨ ਪ੍ਰੋਗਰਾਮ ਦਾ ਸਮਾਪਨ ਸਮਾਰੋਹ
Publish Date: Thu, 20 Nov 2025 09:03 PM (IST)
Updated Date: Fri, 21 Nov 2025 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਯਾਨੰਦ ਆਯੁਰਵੈਦਿਕ ਕਾਲਜ ਵੱਲੋਂ ਬੀਏਐੱਮਐੱਸ ਪਹਿਲੇ ਸਾਲ 2025-26 ਸੈਸ਼ਨ ਦੇ ਨਵੇਂ ਵਿਦਿਆਰਥੀਆਂ ਲਈ 1 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਇੰਡਕਸ਼ਨ ਪ੍ਰੋਗਰਾਮ 20 ਨਵੰਬਰ ਨੂੰ ਸਮਾਪਤ ਹੋਇਆ। ਸਮਾਪਨ ਸਮਾਰੋਹ ਦੀ ਸ਼ੁਰੂਆਤ ਧਨਵੰਤਰੀ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸੰਸਕ੍ਰਿਤ ਨਾਟਿਕਾ ਪੇਸ਼ ਕੀਤੀ ਗਈ। ਰੰਗਾਰੰਗ ਪ੍ਰੋਗਰਾਮ ’ਚ ਵਿਦਿਆਰਥੀਆਂ ਨੇ ਗਾਇਨ, ਕਵਿਤਾ ਪਾਠ, ਸੰਸਕ੍ਰਿਤ ਭਾਸ਼ਣ, ਸ਼ਾਸਤਰੀ ਨ੍ਰਿਤਿਆ, ਮੰਤਰੋਚਾਰਣ, ਭੰਗੜਾ ਤੇ ਗਿੱਧਾ ਪੇਸ਼ ਕੀਤਾ। ਪੂਰੇ ਪ੍ਰੋਗਰਾਮ ’ਚ ਸਮੇਂ ਦੇ ਪ੍ਰਬੰਧਨ, ਵਿਅਕਤੀਤਵ ਵਿਕਾਸ, ਸੰਪਰਕ ਹੁਨਰ, ਆਯੁਰਵੇਦ ਜਗਤ ਦੇ ਪ੍ਰਸਿੱਧ ਵੈਦਾਂ ਦੇ ਤਜਰਬੇ, ਯੋਗ ਤੇ ਵੈੱਲਨੈਸ ਇੰਡਸਟਰੀ ਤੇ ਨੌਜਵਾਨਾਂ ਲਈ ਨਵੇਂ ਸਟਾਰਟ-ਅੱਪ ਵਰਗੇ ਵਿਸ਼ਿਆਂ ਬਾਰੇ ਵਿਆਖਿਆਨ ਕੀਤੇ ਗਏ। ਵਿਦਿਆਰਥੀਆਂ ਨੂੰ ਯੋਗ ਦੀ ਬੁਨਿਆਦੀ ਤਾਲੀਮ ਤੇ ‘ਵਦਤੁ ਸੰਸਕ੍ਰਿਤਮ’ ਅਧੀਨ ਸੰਸਕ੍ਰਿਤ ਬੋਲਣਾ ਤੇ ਲਿਖਣਾ ਵੀ ਸਿਖਾਇਆ ਗਿਆ। ਸਮਾਪਨ ਦਿਵਸ ਤੇ ਉਨ੍ਹਾਂ ਨੇ ਡਾ. ਰੀਤਾ ਉਪਾਧਿਆਯ ਦੀ ਅਗਵਾਈ ਹੇਠ ਸੰਸਕ੍ਰਿਤ ਨਾਟਿਕਾ ਤੇ ਸ਼ਲੋਕ ਪੇਸ਼ ਕੀਤੇ। ਅੰਤ ’ਚ ਵਿਦਿਆਰਥੀਆਂ ਦਾ ਵ੍ਹਾਈਟ ਕੋਟ ਸਮਾਰੋਹ ਕਰਵਾਇਆ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਨਵੇਂ ਸੈਸ਼ਨ ’ਚ ਵਿਧਿਵਤ ਦਾਖਲਾ ਦਿਵਾਇਆ ਗਿਆ। ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਨੇ ਦੱਸਿਆ ਕਿ 15 ਦਿਨਾਂ ਦੇ ਇਸ ਇੰਡਕਸ਼ਨ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ’ਚ ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਦੀ ਮਹੱਤਤਾ ਉਜਾਗਰ ਕਰਨੀ ਤੇ ਉਨ੍ਹਾਂ ਦੇ ਵਿਅਕਤਿਤਵ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਸੰਸਕ੍ਰਿਤ ਭਾਸ਼ਾ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਵੀ ਇਸ ਪ੍ਰੋਗਰਾਮ ਦਾ ਇਕ ਮੁੱਖ ਹਿੱਸਾ ਸੀ। ਪ੍ਰੋਗਰਾਮ ’ਚ ਕਾਲਜ ਦੇ ਹੋਰ ਅਧਿਆਪਕ ਡਾ. ਪ੍ਰਵੀਨ ਕੁਮਾਰ, ਡਾ. ਰੀਤਾ, ਡਾ. ਰਿੰਪਲਜੀਤ ਕੌਰ, ਡਾ. ਅਮ੍ਰਿਤਾ, ਡਾ. ਮੋਨਿਕਾ, ਡਾ. ਅਖਿਲਾ, ਡਾ. ਹਰਲੀਨ ਤੇ ਡਾ. ਕਨਿਕਾ ਹਾਜ਼ਰ ਰਹੇ। ਸਮੂਹ ਇੰਡਕਸ਼ਨ ਪ੍ਰੋਗਰਾਮ ਦਾ ਕੋਆਰਡੀਨੇਸ਼ਨ ਡਾ. ਵਿਭੁ ਖਤ੍ਰਾ ਤੇ ਡਾ. ਸਮੀਤਾ ਕੁਮਾਰੀ ਵੱਲੋਂ ਕੀਤਾ ਗਿਆ।