ਫਰਦ ਬਣਵਾਉਣ ਆਏ ਲੋਕ ਹੜਤਾਲ ਕਾਰਨ ਬੇਰੰਗ ਪਰਤੇ
ਫਰਦ ਸੈਂਟਰਾਂ ਦੇ ਕੰਪਿਊਟਰ ਓਪਰੇਟਰ ਹੜਤਾਲ ’ਤੇ, ਫਰਦ ਬਣਵਾਉਣ ਆਏ ਲੋਕ ਬੇਰੰਗ ਪਰਤੇ
Publish Date: Wed, 03 Dec 2025 11:13 PM (IST)
Updated Date: Wed, 03 Dec 2025 11:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਜ਼ਿਲ੍ਹੇ ਦੀਆਂ ਸਭ ਤਹਿਸੀਲਾਂ ਦੇ ਫਰਦ ਸੈਂਟਰਾਂ ਤੇ ਤਾਇਨਾਤ ਕੰਪਿਊਟਰ ਆਪ੍ਰੇਟਰ ਬੁੱਧਵਾਰ ਨੂੰ ਪੂਰੀ ਤਰ੍ਹਾਂ ਹੜਤਾਲ ’ਤੇ ਰਹੇ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਫਰਦ ਜਾਰੀ ਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ, ਜਿਸ ਕਾਰਨ ਫਰਦ ਬਣਵਾਉਣ ਆਏ ਲੋਕ ਖਾਲੀ ਹੱਥ ਵਾਪਸ ਜਾਣ ਲਈ ਮਜਬੂਰ ਹੋਏ। ਇਸ ਤੋਂ ਪਹਿਲਾਂ, ਫਰਦ ਸੈਂਟਰ ਕੰਪਿਊਟਰ ਆਪ੍ਰੇਟਰ ਯੂਨੀਅਨ ਨੇ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਏਡੀਸੀ (ਜਨਰਲ) ਅਮਨਿੰਦਰ ਕੌਰ ਨੂੰ ਮੰਗ-ਪੱਤਰ ਦਿੱਤਾ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਕਾਲੇ ਬਿੱਲਾ ਲਾ ਕੇ ਰੋਸ ਵੀ ਜ਼ਾਹਰ ਕੀਤਾ ਸੀ। ਹੁਣ ਵੀਰਵਾਰ ਨੂੰ ਵੀ ਸਾਰੇ ਤਹਿਸੀਲਾਂ ਦੇ ਫਰਦ ਸੈਂਟਰ ਆਪ੍ਰੇਟਰ ਹੜਤਾਲ ਤੇ ਰਹਿਣਗੇ। ਯੂਨੀਅਨ ਦੀ ਉਪ-ਪ੍ਰਧਾਨ ਜੋਤੀ ਨੇ ਦੱਸਿਆ ਕਿ ਤਹਿਸੀਲ-1 ਤੇ 2 ਦੇ ਫਰਦ ਸੈਂਟਰਾਂ ਤੇ ਕੁੱਲ 20 ਕੰਪਿਊਟਰ ਆਪ੍ਰੇਟਰ ਡਿਊਟੀ ਤੇ ਹਨ। ਆਮ ਤੌਰ ਤੇ ਹਰ ਰੋਜ਼ ਲਗਪਗ 220 ਲੋਕ ਫਰਦ ਬਣਵਾਉਣ ਲਈ ਆਉਂਦੇ ਹਨ। ਕੰਮ ਠੱਪ ਰਹਿਣ ਕਾਰਨ ਪ੍ਰਾਪਰਟੀ ਰਜਿਸਟਰੀ ਦਾ ਕੰਮ ਤਾਂ ਆਨਲਾਈਨ ਪ੍ਰਕਿਰਿਆ ਹੋਣ ਕਾਰਨ ਪ੍ਰਭਾਵਿਤ ਨਹੀਂ ਹੋਇਆ, ਪਰ ਲੋਨ ਲਈ, ਕੋਰਟ ’ਚ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਜਾਂ ਇੰਤਕਾਲ ਬਣਵਾਉਣ ਆਏ ਲੋਕਾਂ ਨੂੰ ਬੇਰੰਗ ਪਰਤਣਾ ਪਿਆ। ਯੂਨੀਅਨ ਨੇ ਪੁਸ਼ਟੀ ਕੀਤੀ ਹੈ ਕਿ ਹੜਤਾਲ ਵੀਰਵਾਰ ਨੂੰ ਵੀ ਜਾਰੀ ਰਹੇਗੀ।