ਰਾਜਪੂਤਾਂ ਨੂੰ ਮੁੜ ਜਨਰਲ ਸ਼੍ਰੇਣੀ ਲਿਆਂਦਾ ਜਾਵੇ
ਰਾਜਪੂਤ ਭਾਈਚਾਰੇ ਦੇ ਸਰਵਪੱਖੀ ਵਿਕਾਸ ਲਈ ਆਦਮਪੁਰ ’ਚ ਵਿਆਪਕ ਸੈਮੀਨਾਰ, ਦੇਸ਼–ਵਿਦੇਸ਼ ਤੋਂ ਬੁੱਧੀਜੀਵੀ ਹੋਏ ਸ਼ਾਮਲ
Publish Date: Wed, 26 Nov 2025 05:12 PM (IST)
Updated Date: Wed, 26 Nov 2025 05:14 PM (IST)
--ਸੈਮੀਨਾਰ ਦੌਰਾਨ ਦੇਸ਼–ਵਿਦੇਸ਼ ਤੋਂ ਬੁੱਧੀਜੀਵੀ ਹੋਏ ਸ਼ਾਮਲ
ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਰਾਜਪੂਤ ਭਾਈਚਾਰੇ ਦੇ ਸਰਬਪੱਖੀ ਵਿਕਾਸ ਤੇ ਭਵਿੱਖੀ ਦਿਸ਼ਾ ਬਾਰੇ ਚਰਚਾ ਕਰਨ ਲਈ ਰਾਜਪੂਤ ਭਵਨ ’ਚ ਸੈਮੀਨਾਰ ਕਰਵਾਇਆ। ਇਸ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ-ਨਾਲ ਵਿਦੇਸ਼ਾਂ ਤੋਂ ਵੀ ਪ੍ਰਮੁੱਖ ਰਾਜਪੂਤ ਬੁੱਧੀਜੀਵੀਆਂ ਨੇ ਸ਼ਿਰਕਤ ਕਰ ਕੇ ਭਾਈਚਾਰੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ। ਸੈਮੀਨਾਰ ਦੌਰਾਨ ਬ੍ਰਿਗੇਡੀਅਰ (ਰਿਟਾ.) ਜੇਐੱਸ ਜਸਵਾਲ, ਜੱਥੇਦਾਰ ਗੁਰਦਿਆਲ ਸਿੰਘ ਕਾਲਰਾ, ਐੱਸਜੀਪੀਸੀ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ, ਸਮਾਜ ਸੇਵਕ ਜਤਿੰਦਰ ਜੇ ਮਿਨਹਾਸ (ਕੈਨੇਡਾ), ਫਤਿਹ ਸਿੰਘ ਪ੍ਰਹਾਰ, ਬਲਵਿੰਦਰ ਸਿੰਘ ਕਾਲਰਾ, ਇੰਜੀ. ਹਰਭਜਨ ਸਿੰਘ ਮਿਨਹਾਸ, ਸੁਖਵੀਰ ਸਿੰਘ ਭੱਟੀ ਤੇ ਮਿਸ਼ਾਲ ਸਿੰਘ ਭੱਟੀ ਨੇ ਸਿੱਖਿਆ, ਰੁਜ਼ਗਾਰ, ਸਮਾਜਕ ਸਸ਼ਕਤੀਕਰਨ ਤੇ ਰਾਜਨੀਤਿਕ ਹਿੱਸੇਦਾਰੀ ’ਤੇ ਵਿਚਾਰ ਸਾਂਝੇ ਕੀਤੇ।
ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਗਰੀਬ ਵਰਗ ਦੇ ਰਾਜਪੂਤ ਵਿਦਿਆਰਥੀਆਂ ਲਈ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਸੰਸਥਾਨਾਂ ’ਚ ਵਧੀਆ ਸਹੂਲਤਾਂ ਤੇ ਸਕਾਲਰਸ਼ਿਪ ਦੀ ਲੋੜ ਹੈ। ਉਨ੍ਹਾਂ 2016 ’ਚ ਰਾਜਪੂਤ ਭਾਈਚਾਰੇ ਨੂੰ ਓਬੀਸੀ ਕੈਟਾਗਰੀ ’ਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਅਨੁਚਿਤ ਦੱਸਦਿਆਂ ਮੰਗ ਕੀਤੀ ਕਿ ਰਾਜਪੂਤਾਂ ਨੂੰ ਮੁੜ ਜਨਰਲ ਕੈਟਾਗਰੀ ’ਚ ਲਿਆ ਜਾਵੇ। ਸੈਮੀਨਾਰ ਦੇ ਸਟੇਜ ਸਕੱਤਰ ਸੀਨੀਅਰ ਐਡਵੋਕੇਟ ਹਰਜੀਤ ਸਿੰਘ ਨੇ ਇਟਲੀ ’ਚ ਰਹਿੰਦੇ ਮੁੱਖ ਕਨਵੀਨਰ ਹਰਗੁਰਸ਼ੇਰ ਸਿੰਘ ਕਾਲਰਾ ਦੇ ਯੋਗਦਾਨ ਲਈ ਖ਼ਾਸ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਰਾਜਪੂਤ ਭਾਈਚਾਰੇ ਦੀ ਏਕਤਾ ਤੇ ਚੜ੍ਹਦੀ ਕਲਾ ਵੱਲ ਇਕ ਮਹੱਤਵਪੂਰਨ ਕਦਮ ਹੈ। ਭਵਿੱਖ ’ਚ ਪੰਜਾਬ ਦੇ ਹੋਰ ਜ਼ਿਲ੍ਹਿਆਂ ’ਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ। ਇਸ ਮੌਕੇ ਲਖਵੀਰ ਸਿੰਘ ਪਰਮਾਰ (ਯੂਕੇ), ਸੰਤੋਖ ਸਿੰਘ (ਕਰਨਾਣਾ), ਰਣਜੀਤ ਸਿੰਘ ਪ੍ਰਹਾਰ (ਮੁੰਬਈ), ਕੰਚਨ ਪਰਮਾਰ, ਡਾ. ਆਰਐੱਸ ਪਰਮਾਰ, ਬੀਪੀਐੱਸ ਪਰਮਾਰ, ਪਰਨੀਤ ਸਿੰਘ ਮਿਨਹਾਸ (ਸੇਵਾ ਮੁਕਤ ਡਿਪਟੀ ਡਾਇਰੈਕਟਰ ਟਰਾਂਸਪੋਰਟ, ਪੰਜਾਬ), ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ, ਕੁਲਦੀਪ ਸਿੰਘ ਮਿਨਹਾਸ (ਆਦਮਪੁਰ), ਸਤਨਾਮ ਸਿੰਘ ਡਰੋਲੀ (ਸੇਵਾ ਮੁਕਤ ਇੰਸਪੈਕਟਰ) ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਕੀਮਤੀ ਵਿਚਾਰ ਸਾਂਝੇ ਕੀਤੇ।