ਸਵੇਰੇ ਤੇ ਸ਼ਾਮ ਹੀ ਨਹੀਂ ਦਿਨ ’ਚ ਵੀ ਚੱਲੀ ਸ਼ੀਤ ਲਹਿਰ, ਅੱਜ ਵੀ ਯੈਲੋ ਅਲਰਟ
ਸਵੇਰੇ ਤੇ ਸ਼ਾਮ ਹੀ ਨਹੀਂ ਦਿਨ ’ਚ ਵੀ ਚੱਲੀ ਸ਼ੀਤ ਲਹਿਰ, ਅੱਜ ਵੀ ਯੈਲੋ ਅਲਰਟ
Publish Date: Thu, 04 Dec 2025 10:29 PM (IST)
Updated Date: Thu, 04 Dec 2025 10:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਚਾਰ ਦਿਨਾਂ ਤੋਂ ਮਹਾਨਗਰ ’ਚ ਸ਼ੀਤ ਲਹਿਰ ਚੱਲ ਰਹੀ ਹੈ, ਜਿਸ ਕਾਰਨ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ’ਚ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਲਈ ਵੀ ਸ਼ੀਤ ਲਹਿਰ ਤੇ ਤਾਪਮਾਨ ਘਟਣ ਦੀ ਸੰਭਾਵਨਾ ਦੇਖਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ। ਵੀਰਵਾਰ ਸਵੇਰੇ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਹਲਕੀ ਧੁੰਦ ਦਿੱਖੀ, ਪਰ ਧੁੱਪ ਖਿੜਨ ਨਾਲ ਇਹ ਛੱਟ ਗਈ। ਇਸ ਕਾਰਨ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 20.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਅਗਲੇ ਦਿਨਾਂ ’ਚ ਮੌਸਮ ਖੁਸ਼ਕ ਤੇ ਠੰਢਾ ਰਹੇਗਾ। ਦਿਨ ਦਾ ਤਾਪਮਾਨ 20-21 ਡਿਗਰੀ ਸੈਲਸੀਅਸ ਤੇ ਰਾਤ ਦਾ 5-6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਦਿਨ ’ਚ ਧੁੱਪ ਖਿੜੇਗੀ ਪਰ ਹਵਾ ’ਚ ਠੰਢਕ ਦਾ ਅਹਿਸਾਸ ਜਾਰੀ ਰਹੇਗਾ, ਕਿਉਂਕਿ ਮੌਸਮ ਵਿਭਾਗ ਨੇ ਹਾਲੇ ਤਕ ਵਰਖਾ ਦੀ ਸੰਭਾਵਨਾ ਨਹੀਂ ਦਿੱਤੀ।
- ਵਧਦਾ ਏਕਿਊਆਈ ਸਿਹਤ ਲਈ ਖ਼ਤਰਾ
ਇਕ ਪਾਸੇ ਵਰਖਾ ਨਾ ਹੋਣ ਕਾਰਨ ਸੁੱਕੀ ਠੰਢ ਵਧ ਰਹੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਰੋਜ਼ਾਨਾ ਵਧਦਾ ਏਅਰ ਕੁਆਲਿਟੀ ਇੰਡੈਕਸ ਵੀ ਸਿਹਤ ’ਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਵੀਰਵਾਰ ਨੂੰ ਅਧਿਕਤਮ ਏਕਿਯੂਆਈ 296 ਤੇ ਘੱਟੋ-ਘੱਟ 84 ਰਿਕਾਰਡ ਕੀਤਾ ਗਿਆ। ਦਿਨ ਭਰ ਦਾ ਏਵਰੇਜ ਏਕਿਯੂਆਈ 133 ਰਿਹਾ।
-----------------
- ਪ੍ਰਦੂਸ਼ਣ ਵਧਣ ਨਾਲ ਬਿਮਾਰੀਆਂ ਦਾ ਖ਼ਤਰਾ
ਪ੍ਰਦੂਸ਼ਣ ਵਧਣ ਨਾਲ ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਛਾਤੀ ਦੇ ਰੋਗ ਮਾਹਰ ਡਾ. ਐੱਮਬੀ ਬਾਲੀ ਦੇ ਕਹਿਣਾ ਹੈ ਕਿ ਪ੍ਰਦੂਸ਼ਿਤ ਕਣ ਫੇਫੜਿਆਂ ’ਚ ਜਾ ਕੇ ਅਸਥਮਾ, ਖੰਘ ਤੇ ਫੇਫੜਿਆਂ ’ਚ ਸੁਜਨ ਵਧਾਉਂਦੇ ਹਨ। ਖਾਸ ਕਰਕੇ ਟੀਬੀ ਤੇ ਅਸਥਮਾ ਦੇ ਮਰੀਜ਼ਾਂ ਨੂੰ ਮੂੰਹ ’ਤੇ ਮਾਸਕ ਪਾ ਕੇ ਬਾਹਰ ਜਾਣਾ ਚਾਹੀਦਾ ਹੈ। ਤਬੀਅਤ ਖਰਾਬ ਹੋਣ ’ਤੇ ਤੁਰੰਤ ਇਨਹੇਲਰ ਵਰਤਣ ਦੀ ਸਲਾਹ ਦਿੱਤੀ ਗਈ। ਬੱਚਿਆਂ ਨੂੰ ਹਰ ਰੋਜ਼ ਸਾਦਾ ਗਰਮ ਪਾਣੀ ਨਾਲ ਭਾਪ ਦੇਣੀ ਚਾਹੀਦੀ ਹੈ। ਆਈ ਮੋਬਾਈਲ ਯੂਨਿਟ ਦੀ ਐੱਸਐੱਮਓ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਅੱਖਾਂ ’ਚ ਜਲਨ ਤੇ ਲਾਲੀ ਹੋ ਸਕਦੀ ਹੈ। ਡਾਕਟਰ ਦੀ ਸਲਾਹ ਅਨੁਸਾਰ ਆਈ ਡ੍ਰਾਪਸ ਵਰਤੋ ਤੇ ਸਾਦੇ ਪਾਣੀ ਨਾਲ ਅੱਖਾਂ ਨੂੰ ਹੌਲੇ-ਹੌਲੇ ਧੋਵੋ।