ਈ-ਚਾਲਾਨ ਦੇ ਭੁਗਤਾਨ ਲਈ ਲਿੰਕ ’ਤੇ ਕਲਿੱਕ ਕੀਤਾ ਤਾਂ ਖਾਤੇ ’ਚੋਂ ਨਿਕਲੇ ਤਿੰਨ ਲੱਖ ਰੁਪਏ
ਈ-ਚਾਲਾਨ ਦੀ ਭੁਗਤਾਨ ਲਈ ਲਿੰਕ ’ਤੇ ਕਲਿੱਕ ਕੀਤਾ, ਖਾਤੇ ’ਚੋਂ ਨਿਕਲੇ ਤਿੰਨ ਲੱਖ ਰੁਪਏ
Publish Date: Thu, 08 Jan 2026 09:12 PM (IST)
Updated Date: Fri, 09 Jan 2026 04:12 AM (IST)

- ਈ-ਚਾਲਾਨ ਦੇ ਨਾਂ ’ਤੇ ਸਾਈਬਰ ਠੱਗੀ ਦਾ ਜਾਲ, ਜਲੰਧਰ ’ਚ ਵੱਧ ਰਹੇ ਮਾਮਲੇ - ਫਰਜ਼ੀ ਸੰਦੇਸ਼ਾਂ ਤੇ ਲਿੰਕਾਂ ਨਾਲ ਖਾਲੀ ਹੋ ਰਹੇ ਬੈਂਕ ਖਾਤੇ, ਲੱਖਾਂ ਦੀ ਠੱਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੋਵਿੰਦ ਨਗਰ ਵਾਸੀ 39 ਸਾਲਾ ਪੁਲਕਿਤ ਮੁਰਗਈ ਦੇ ਮੋਬਾਈਲ ’ਤੇ 24 ਦਸੰਬਰ ਨੂੰ ਇਕ ਸੰਦੇਸ਼ ਆਇਆ, ਜਿਸ ’ਚ ਲਿਖਿਆ ਸੀ ਕਿ ਉਨ੍ਹਾਂ ਦੇ ਵਾਹਨ ਦਾ ਟ੍ਰੈਫਿਕ ਚਾਲਾਨ ਕੱਟਿਆ ਹੈ ਤੇ 590 ਰੁਪਏ ਦਾ ਜੁਰਮਾਨਾ ਤੁਰੰਤ ਭਰਨਾ ਹੋਵੇਗਾ। ਸੰਦੇਸ਼ ’ਚ ਇਹ ਵੀ ਲਿਖਿਆ ਸੀ ਕਿ ਜੇ ਸਮੇਂ ’ਤੇ ਜੁਰਮਾਨਾ ਨਾ ਭਰਿਆ ਗਿਆ ਤਾਂ ਹੋਰ ਵੱਧ ਰਕਮ ਦੇਣੀ ਪਵੇਗੀ। ਮੈਸੇਜ ’ਚ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਦੇ ਹੀ ਉਹ ਇਕ ਅਜਿਹੀ ਵੈਬਸਾਈਟ ’ਤੇ ਪਹੁੰਚ ਗਏ, ਜੋ ਵੇਖਣ ’ਚ ਬਿਲਕੁਲ ਸਰਕਾਰੀ ਪੋਰਟਲ ਵਰਗੀ ਲੱਗ ਰਹੀ ਸੀ। ਜਿਵੇਂ ਹੀ ਪੁਲਕਿਤ ਨੇ ਭੁਗਤਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ, ਉਨ੍ਹਾਂ ਦੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਕਾਰਡ ਤੋਂ 3 ਲੱਖ 82 ਹਜ਼ਾਰ ਰੁਪਏ ਕੱਟ ਲਏ ਗਏ। ਜਦੋਂ ਤੱਕ ਪੁਲਕਿਤ ਨੂੰ ਸਮਝ ਆਈ, ਉਸ ਨਾਲ ਠੱਗੀ ਹੋ ਚੁੱਕੀ ਸੀ। ਡਿਜ਼ੀਟਲ ਇੰਡੀਆ ਦੇ ਦੌਰ ’ਚ ਜਿੱਥੇ ਆਨਲਾਈਨ ਸਹੂਲਤਾਂ ਲੋਕਾਂ ਲਈ ਸੁਖਦਾਈ ਸਾਬਤ ਹੋ ਰਹੀਆਂ ਹਨ, ਉੱਥੇ ਹੀ ਸਾਈਬਰ ਠੱਗ ਇਨ੍ਹਾਂ ਸਹੂਲਤਾਂ ਨੂੰ ਹੀ ਹਥਿਆਰ ਬਣਾ ਕੇ ਲੋਕਾਂ ਦੀ ਕਮਾਈ ਧੋਖੇ ਨਾਲ ਆਪਣੇ ਖਾਤਿਆਂ ’ਚ ਟ੍ਰਾਂਸਫਰ ਕਰਵਾ ਰਹੇ ਹਨ। ਜਲੰਧਰ ’ਚ ਇਨੀਂ ਦਿਨੀਂ ਈ-ਚਾਲਾਨ ਦੇ ਨਾਂ ’ਤੇ ਸਾਈਬਰ ਠੱਗੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਠੱਗ ਫਰਜ਼ੀ ਮੈਸੇਜ ਭੇਜ ਕੇ ਲੋਕਾਂ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਨਾਂ ’ਤੇ ਟ੍ਰੈਫਿਕ ਚਾਲਾਨ ਕਟਿਆ ਹੈ ਤੇ ਤੁਰੰਤ ਭੁਗਤਾਨ ਨਾ ਕਰਨ ’ਤੇ ਜੁਰਮਾਨਾ ਦੁੱਗਣਾ ਹੋ ਜਾਵੇਗਾ। ਘਬਰਾਹਟ ’ਚ ਲੋਕ ਜਿਵੇਂ ਹੀ ਲਿੰਕ ਖੋਲ੍ਹਦੇ ਹਨ, ਉਨ੍ਹਾਂ ਦਾ ਮੋਬਾਈਲ ਹੈਕ ਹੋ ਜਾਂਦਾ ਹੈ ਜਾਂ ਉਹ ਫਰਜ਼ੀ ਵੈਬਸਾਈਟ ’ਤੇ ਆਪਣੀ ਬੈਂਕ, ਕਾਰਡ ਜਾਂ ਯੂਪੀਆਈ ਦੀ ਜਾਣਕਾਰੀ ਭਰ ਦਿੰਦੇ ਹਨ। ਇਸ ਤੋਂ ਬਾਅਦ ਕੁਝ ਮਿੰਟਾਂ ’ਚ ਹੀ ਖਾਤੇ ’ਚੋਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਗਾਇਬ ਹੋ ਜਾਂਦੇ ਹਨ। ------------------------ ਇਹ ਸਿਰਫ ਇਕ ਮਾਮਲਾ ਨਹੀਂ, ਕਈ ਲੋਕ ਬਣੇ ਸ਼ਿਕਾਰ ਪੁਲਕਿਤ ਦਾ ਮਾਮਲਾ ਇਕੱਲਾ ਨਹੀਂ ਹੈ। ਜਲੰਧਰ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਈ-ਚਾਲਾਨ ਦੇ ਨਾਂ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਬਸਤੀ ਬਾਵਾ ਖੇਲ ਵਾਸੀ ਦੁਕਾਨਦਾਰ ਰਾਜੇਸ਼ ਸ਼ਰਮਾ ਦੇ ਮੋਬਾਈਲ ’ਤੇ ਫਰਜ਼ੀ ਈ-ਚਾਲਾਨ ਦਾ ਮੈਸੇਜ ਆਇਆ। ਲਿੰਕ ਖੋਲ੍ਹਣ ਮਗਰੋਂ ਉਨ੍ਹਾਂ ਦੇ ਖਾਤੇ ’ਚੋਂ 45 ਹਜ਼ਾਰ ਰੁਪਏ ਨਿਕਲ ਗਏ। ਮਾਡਲ ਟਾਊਨ ’ਚ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਕਰਮਚਾਰੀ ਰੋਹਿਤ ਭਾਟੀਆ ਨਾਲ ਇਸੇ ਤਰੀਕੇ ਨਾਲ 18 ਹਜ਼ਾਰ ਰੁਪਏ ਦੀ ਠੱਗੀ ਹੋਈ। ਪੀੜਤ ਨੇ ਦੱਸਿਆ ਕਿ ਵੈਬਸਾਈਟ ਬਿਲਕੁਲ ਅਸਲੀ ਜਿਹੀ ਲੱਗ ਰਹੀ ਸੀ। ਲਾਂਬੜਾ ਇਲਾਕੇ ਦੇ ਵਸਨੀਕ ਇਕ ਬਜ਼ੁਰਗ ਮੁਖਤਿਆਰ ਸਿੰਘ ਦੇ ਖਾਤੇ ’ਚੋਂ ਸਾਈਬਰ ਠੱਗਾਂ ਨੇ 62 ਹਜ਼ਾਰ ਰੁਪਏ ਉਡਾ ਲਏ। ਡਰ ਕਾਰਨ ਉਨ੍ਹਾਂ ਤੁਰੰਤ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਠੱਗੀ ਦਾ ਸ਼ਿਕਾਰ ਹੋ ਗਏ। ---------------------- ਕਿਵੇਂ ਕੰਮ ਕਰਦਾ ਹੈ ਠੱਗੀ ਦਾ ਤਰੀਕਾ ਸਾਈਬਰ ਠੱਗ ਸਭ ਤੋਂ ਪਹਿਲਾਂ ਲੋਕਾਂ ਦੇ ਮੋਬਾਈਲ ਨੰਬਰਾਂ ’ਤੇ ਫਰਜ਼ੀ ਮੈਸੇਜ ਭੇਜਦੇ ਹਨ। ਮੈਸੇਜ ’ਚ ਲਿਖਿਆ ਹੁੰਦਾ ਹੈ ਕਿ ਵਾਹਨ ਦਾ ਈ-ਚਾਲਾਨ ਕੱਟਿਆ ਹੈ। ਭੁਗਤਾਨ ਦੀ ਆਖ਼ਰੀ ਤਰੀਕ ਦੱਸੀ ਜਾਂਦੀ ਹੈ ਤੇ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਸਮੇਂ ’ਤੇ ਭੁਗਤਾਨ ਨਾ ਕਰਨ ’ਤੇ ਜੁਰਮਾਨਾ ਦੁੱਗਣਾ ਹੋ ਜਾਵੇਗਾ। ਮੈਸੇਜ ’ਚ ਦਿੱਤਾ ਗਿਆ ਲਿੰਕ ਸਰਕਾਰੀ ਵੈਬਸਾਈਟ ਵਰਗਾ ਲੱਗਦਾ ਹੈ। ਜਿਵੇਂ ਹੀ ਕੋਈ ਵਿਅਕਤੀ ਲਿੰਕ ’ਤੇ ਕਲਿੱਕ ਕਰਦਾ ਹੈ, ਉਸ ਦਾ ਮੋਬਾਈਲ ਹੈਕ ਹੋ ਜਾਂਦਾ ਹੈ ਜਾਂ ਉਹ ਫਰਜ਼ੀ ਵੈਬਸਾਈਟ ’ਤੇ ਪਹੁੰਚ ਜਾਂਦਾ ਹੈ। ਉੱਥੇ ਕਾਰਡ ਨੰਬਰ, ਓਟੀਪੀ ਜਾਂ ਯੂਪੀਆਈ ਪਿੰਨ ਭਰਦੇ ਹੀ ਠੱਗ ਖਾਤੇ ’ਚੋਂ ਰਕਮ ਕੱਢ ਲੈਂਦੇ ਹਨ। --------------------- ਪੁਲਿਸ ਕਰ ਰਹੀ ਅਪੀਲ, ਫਿਰ ਵੀ ਲੋਕ ਫਸ ਰਹੇ ਪੁਲਿਸ ਤੇ ਟ੍ਰੈਫਿਕ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਈ-ਚਾਲਾਨ ਸਿਰਫ਼ ਸਰਕਾਰੀ ਪੋਰਟਲ ਜਾਂ ਅਧਿਕਾਰਿਕ ਐਪ ਤੋਂ ਹੀ ਚੈੱਕ ਕਰੋ, ਪਰ ਇਸ ਦੇ ਬਾਵਜੂਦ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਖਾਸ ਕਰ ਕੇ ਬਜ਼ੁਰਗ ਤੇ ਤਕਨੀਕ ਨਾਲ ਘੱਟ ਜਾਣੂ ਲੋਕ ਆਸਾਨੀ ਨਾਲ ਠੱਗਾਂ ਦੇ ਜਾਲ ’ਚ ਫਸ ਜਾਂਦੇ ਹਨ। ----------------------- ਕਿਵੇਂ ਰੱਖੋ ਧਿਆਨ.................. ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ। ਮੈਸੇਜ ’ਚ ਦਿੱਤੇ ਚਾਲਾਨ ਨੂੰ ਪਹਿਲਾਂ ਅਧਿਕਾਰਿਕ ਪੋਰਟਲ ’ਤੇ ਜਾਂਚੋ। ਓਟੀਪੀ, ਕਾਰਡ ਨੰਬਰ ਜਾਂ ਯੂਪੀਆਈ ਪਿਨ ਕਿਸੇ ਨਾਲ ਵੀ ਸਾਂਝਾ ਨਾ ਕਰੋ, ਕਿਉਂਕਿ ਅਧਿਕਾਰਿਕ ਤੌਰ ’ਤੇ ਯੂਪੀਆਈ ਪਿਨ ਨਹੀਂ ਮੰਗਿਆ ਜਾਂਦਾ। ਸ਼ੱਕ ਹੋਣ ’ਤੇ ਤੁਰੰਤ ਬੈਂਕ ਤੇ ਪੁਲਿਸ ਨੂੰ ਸੂਚਨਾ ਦਿਓ। ----------------------- ਈ-ਚਾਲਾਨ ਤੇ ਠੱਗੀ ਵਾਲੇ ਮੈਸੇਜ ਦੀ ਪਹਿਚਾਣ ਕਿਵੇਂ ਕਰੋ ਅਸਲੀ ਈ-ਚਾਲਾਨ ਮੈਸੇਜ ’ਚ ਆਮ ਤੌਰ ’ਤੇ ਸਰਕਾਰੀ ਡੋਮੇਨ ਦਾ ਲਿੰਕ ਹੁੰਦਾ ਹੈ। ਫਰਜ਼ੀ ਮੈਸੇਜਾਂ ’ਚ ਸ਼ਬਦਾਂ ਦੀਆਂ ਗਲਤੀਆਂ ਤੇ ਦਬਾਅ ਬਣਾਉਣ ਵਾਲੀ ਭਾਸ਼ਾ ਵਰਤੀ ਜਾਂਦੀ ਹੈ। ਸਰਕਾਰੀ ਮੈਸੇਜ ’ਚ ਕਿਸੇ ਨਿੱਜੀ ਲਿੰਕ ’ਤੇ ਕਲਿੱਕ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ। ਅਸਲੀ ਈ-ਚਾਲਾਨ ਦੇ ਨਾਲ ਉਸ ਥਾਂ ਦੀ ਫੋਟੋ ਹੁੰਦੀ ਹੈ, ਜਿੱਥੇ ਚਾਲਾਨ ਕਟਿਆ ਗਿਆ ਹੋਵੇ, ਜਦਕਿ ਫਰਜ਼ੀ ਮੈਸੇਜਾਂ ’ਚ ਅਜਿਹਾ ਨਹੀਂ ਹੁੰਦਾ। -------------------------- ਕੋਟਸ)-----ਟ੍ਰੈਫਿਕ ਪੁਲਿਸ ਵੱਲੋਂ ਭੇਜਿਆ ਗਿਆ ਹਰ ਈ-ਚਾਲਾਨ ਸਿਰਫ਼ ਅਧਿਕਾਰਿਕ ਵੈਬਸਾਈਟ ਤੋਂ ਹੀ ਜਨਰੇਟ ਹੁੰਦਾ ਹੈ। ਉਸ ’ਚ ਸਪੱਸ਼ਟ ਤੌਰ ’ਤੇ ਲਿਖਿਆ ਹੁੰਦਾ ਹੈ ਕਿ ਚਾਲਾਨ ਵੇਖਣ ਲਈ ਵੈਬਸਾਈਟ ਖੋਲ੍ਹੋ ਜਾਂ ਸਬੰਧਤ ਅਧਿਕਾਰੀ ਨਾਲ ਸੰਪਰਕ ਕਰੋ। ਉੱਥੇ ਚਾਲਾਨ ਹੋਣ ਵਾਲੀ ਥਾਂ ’ਤੇ ਵਾਹਨ ਸਮੇਤ ਫੋਟੋ ਵੀ ਹੁੰਦੀ ਹੈ। ਜੇ ਕਿਸੇ ਨੂੰ ਆਨਲਾਈਨ ਚਾਲਾਨ ਬਾਰੇ ਜਾਣਕਾਰੀ ਨਹੀਂ ਹੈ ਤਾਂ ਪਹਿਲਾਂ ਸਬੰਧਤ ਅਥਾਰਟੀ ਜਾਂ ਟ੍ਰੈਫਿਕ ਅਧਿਕਾਰੀ ਨਾਲ ਗੱਲ ਕਰੋ। ਬਿਨਾਂ ਜਾਂਚ–ਪੜਤਾਲ ਕਿਸੇ ਲਿੰਕ ’ਤੇ ਕਲਿੱਕ ਕਰਨਾ ਭਾਰੀ ਪੈ ਸਕਦਾ ਹੈ। ਈ-ਚਾਲਾਨ ਦੇ ਨਾਂ ’ਤੇ ਹੋ ਰਹੀ ਸਾਈਬਰ ਠੱਗੀ ਇਹ ਸਾਫ਼ ਸੰਕੇਤ ਹੈ ਕਿ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾ ਸਿਰਫ਼ ਤੁਹਾਡੀ ਮਹਿਨਤ ਦੀ ਕਮਾਈ ਬਚਾ ਸਕਦੀ ਹੈ, ਸਗੋਂ ਤੁਹਾਨੂੰ ਮਾਨਸਿਕ ਤਣਾਅ ਤੋਂ ਵੀ ਦੂਰ ਰੱਖ ਸਕਦੀ ਹੈ। - ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ।