ਮਹੰਤਾਂ ’ਚ ਇਲਾਕੇ ਦੀ ਵੰਡ ਨੂੰ ਲੈ ਕੇ ਝੜਪ
ਮਹੰਤਾਂ ’ਚ ਇਲਾਕੇ ਦੀ ਵੰਡ ਨੂੰ ਲੈ ਕੇ ਝੜਪ
Publish Date: Wed, 24 Dec 2025 09:34 PM (IST)
Updated Date: Wed, 24 Dec 2025 09:37 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਘਾਹ ਮੰਡੀ ’ਚ ਇਲਾਕੇ ਦੀ ਵੰਡ ਨੂੰ ਲੈ ਕੇ ਮਹੰਤਾਂ ਵਿਚਕਾਰ ਬੁੱਧਵਾਰ ਦੁਪਹਿਰ ਨੂੰ ਝੜਪ ਹੋ ਗਈ। ਦੋਵਾਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਤੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਵਿਰੋਧ ਕਰਨ ਦੀ ਧਮਕੀ ਦਿੱਤੀ। ਝਗੜੇ ਦੌਰਾਨ ਇਕ ਮਹੰਤ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਘਾਹ ਮੰਡੀ ਨੇੜੇ ਕੁਲਫੀ ਵਾਲੀ ਗਲੀ ’ਚ ਮਹੰਤਾਂ ਤੇ ਮਨੀ ਬਾਬਾ ਵਿਚਕਾਰ ਝਗੜਾ ਹੋ ਗਿਆ, ਜਿੱਥੇ ਮਹੰਤਾਂ ਨੇ ਮਨੀ ਤੇ ਉਨ੍ਹਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਇਸ ਘਟਨਾ ’ਚ ਮਹੰਤ ਮੋਨਿਕਾ ਗੰਭੀਰ ਜ਼ਖਮੀ ਹੋ ਗਈ ਸੀ ਤੇ ਉਨ੍ਹਾਂ ਨੇ ਭਾਰਗੋ ਕੈਂਪ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਬੁੱਧਵਾਰ ਦੁਪਹਿਰ ਭਾਰਗੋ ਕੈਂਪ ਥਾਣੇ ’ਚ ਇਕੱਠੇ ਹੋਏ ਮਹੰਤਾਂ ਨੇ ਦੋਸ਼ ਲਗਾਇਆ ਕਿ 19 ਤਰੀਕ ਦੀ ਸ਼ਾਮ ਨੂੰ ਉਹ ਕੰਮ ਲਈ ਰਾਜਨਗਰ ਸਥਿਤ ਆਪਣੇ ਕੈਂਪ ਜਾ ਰਹੇ ਸਨ ਤਾਂ ਗਲੀ ਦੇ ਇਕ ਕੋਨੇ ਤੇ ਪਹਿਲਾਂ ਹੀ ਉਡੀਕ ਕਰ ਰਹੇ 10 ਤੋਂ 15 ਨੌਜਵਾਨਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਹਮਲੇ ’ਚ ਇਕ ਮਹੰਤ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ ਤੇ ਉਸਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਕੋਲ ਵੀਡੀਓ ਫੁਟੇਜ ਤੇ ਹਮਲੇ ਦੇ ਸਾਰੇ ਸਬੂਤ ਹਨ। ਉਨ੍ਹਾਂ ਨੇ ਇਸ ਬਾਰੇ ਭਾਰਗੋ ਕੈਂਪ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਥਾਣੇ ’ਚ ਮੌਜੂਦ ਮਹੰਤਾਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਜਲਦੀ ਹੀ ਵਿਰੋਧ ਪ੍ਰਦਰਸ਼ਨ ਕਰਨਗੇ। ਥਾਣਾ ਇੰਚਾਰਜ ਮੋਹਨ ਸਿੰਘ ਨੇ ਕਿਹਾ ਕਿ ਮਨੀ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਟੀਮ ਨੇ ਪੰਜ ਤੋਂ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।