ਨੰਬਰਦਾਰਾਂ ਵੱਲੋਂ ‘ਆਪ’ ਸੂਬਾ ਪ੍ਰਧਾਨ ਅਰੋੜਾ ਨਾਲ ਮੀਟਿੰਗ
ਮੁੱਖ ਮੰਤਰੀ ਮਾਨ ਨੰਬਰਦਾਰਾਂ ਦੀ ਮੰਗਾਂ ਤੁਰੰਤ ਪੂਰੀਆਂ ਕਰਨ-ਸਮਰਾ
Publish Date: Wed, 21 Jan 2026 07:01 PM (IST)
Updated Date: Wed, 21 Jan 2026 07:03 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆ ਕਲਾਂ : ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦੇ ਵਫ਼ਦ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨਾਲ ਨੰਬਰਦਾਰਾਂ ਦੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ। ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਅਮਨ ਅਰੋੜਾ ਨੂੰ ਯਾਦ ਪੱਤਰ ਦਿੰਦੇ ਹੋਏ ਦੱਸਿਆ ਕਿ ਤਕਰੀਬਨ ਅੱਠ ਨੌਂ ਮਹੀਨੇ ਪਹਿਲਾਂ ਵੀ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਤੁਸੀਂ ਸ਼ਾਮਲ ਸੀ। ਉਸ ਸਮੇਂ ਭਰੋਸਾ ਦਿੱਤਾ ਸੀ ਕਿ ਬਹੁਤ ਜਲਦੀ ਮਾਣਭੱਤਾ ਵਧਾ ਦਿੱਤਾ ਜਾਵੇਗਾ ਪਰ ਮੰਗਾਂ ਅਜੇ ਤੱਕ ਜਿਉਂ ਦੀਆਂ ਤਿਉਂ ਹਨ। ਨੰਬਰਦਾਰ ਯੂਨੀਅਨ ਦੇ ਆਗੂਆਂ ਨੂੰ ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ ਉਕਤ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਚੀਮਾ ਦੇ ਧਿਆਨ ਵਿੱਚ ਲਿਆ ਕੇ ਜਲਦੀ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਵਫ਼ਦ ਵਿਚ ਸ਼ਾਮਲ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ, ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਤੇ ਹਰਪਾਲ ਸਿੰਘ ਪੰਨੂ ਅੰਮ੍ਰਿਤਸਰ ਸੀਨੀਅਰ ਮੀਤ ਪ੍ਰਧਾਨ ਸਮੇਤ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਨਵਰਾਜ ਸਿੰਘ ਬਰਾੜ ਪੀਸੀਐੱਸ ਨਾਲ ਵੀ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਮਾਨ ਦੇ ਨਾਮ ਯਾਦ ਪੱਤਰ ਦਿੱਤਾ। ਇਸ ਮੌਕੇ ਨਵਰਾਜ ਬਰਾੜ ਨੇ ਵੀ ਭਰੋਸਾ ਦਿਵਾਇਆ ਕਿ ਨੰਬਰਦਾਰਾਂ ਦੀਆਂ ਮੰਗਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ’ਚ ਲਿਆ ਦਿੱਤੀਆਂ ਜਾਣਗੀਆਂ।