ਵਿਗਿਆਨੀਆਂ ਬਿਨਾਂ ਵਿਕਸਿਤ ਭਾਰਤ ਦਾ ਟੀਚਾ ਪੂਰਾ ਹੋਣਾ ਅਸੰਭਵ : ਪ੍ਰੋ. ਬਾਵਾ
ਚੰਡੀਗੜ੍ਹ ਯੂਨੀਵਰਸਿਟੀ ਨੇ ਜਲੰਧਰ ’ਚ ਕੀਤੀ 'ਡਾ. ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ' ਦੀ ਮੇਜ਼ਬਾਨੀ, ਵਿਦਿਆਰਥੀਆਂ ਨੂੰ ਹੋਇਆ ਵਿਗਿਆਨ ਨਾਲ ਪਿਆਰ
Publish Date: Thu, 20 Nov 2025 07:43 PM (IST)
Updated Date: Fri, 21 Nov 2025 04:16 AM (IST)
-ਚੰਡੀਗੜ੍ਹ ਯੂਨੀਵਰਸਿਟੀ ਨੇ ਕਰਵਾਈ ਡਾ. ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ
-ਪ੍ਰਾਜੈਕਟ ਪ੍ਰਦਰਸ਼ਨੀ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆ ਨੂੰ ਦਿੱਤੇ ਨਕਦ ਇਨਾਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਥੇ ‘ਡਾ. ਏਪੀਜੇ ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ 2025-26' ਕਰਵਾਇਆ ਗਿਆ। ਕਨਕਲੇਵ ’ਚ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ 700 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਇਨੋਵੇਸ਼ਨ ਕਨਕਲੇਵ ਦੇ ਮੌਕੇ ਸੀਯੂ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. ਆਰਐੱਸ ਬਾਵਾ, ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਪੁਰਸਕਾਰ ਜੇਤੂ ਪ੍ਰੇਮ ਸਿੰਘ ਮੁੱਖ ਤੌਰ 'ਤੇ ਸ਼ਾਮਲ ਰਹੇ। ਵਿਦਿਆਰਥੀਆਂ ਦੇ ਵਿਗਿਆਨ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਸਿਖ਼ਰਲੇ ਤਿੰਨ ਪ੍ਰਾਜੈਕਟਾਂ ਨੂੰ ਕ੍ਰਮਵਾਰ 15 ਹਜ਼ਾਰ, 10 ਹਜ਼ਾਰ ਤੇ 5 ਹਜ਼ਾਰ ਦੇ ਨਕਦ ਪੁਰਸਕਾਰ ਦਿੱਤੇ ਗਏ। ਡੀਐੱਸਟੀ ਕੌਮੀ ਪੁਰਸਕਾਰ ਜੇਤੂ ਪ੍ਰੇਮ ਸਿੰਘ ਨੇ ਪ੍ਰੈਕਟੀਕਲ ਸੈਸ਼ਨ ਦੌਰਾਨ ਬੱਚਿਆਂ ਨੂੰ ਵਿਗਿਆਨ ਪ੍ਰਯੋਗ ਵੀ ਵਿਖਾਏ ਤਾਂ ਕਿ ਬੱਚੇ ਵਿਗਿਆਨ ਦੇ ਮੂਲ ਨਿਯਮਾਂ ਬਾਰੇ ਸੌਖੇ ਤਰੀਕੇ ਨਾਲ ਜਾਨਣ।
ਮੁੱਖ ਮਹਿਮਾਨ ਪ੍ਰੋ. ਆਰਐੱਸ ਬਾਵਾ ਨੇ ਕਿਹਾ ਕਿ ਵਿਗਿਆਨ ਸਿੱਖਣਾ ਨੌਜਵਾਨਾਂ ਲਈ ਵਧੀਆ ਹੈ, ਇਸ ਦੇ ਨਾਲ ਉਨ੍ਹਾਂ ਦੇ ਅੰਦਰ ਹਰ ਚੀਜ਼ ਪਿੱਛੇ ਕਾਰਨ ਜਾਨਣ ਲਈ ਇੱਛਾ ਪੈਦਾ ਹੁੰਦੀ ਹੈ ਤੇ ਉਨ੍ਹਾਂ ਦੇ ਅੰਦਰ ਵਿਗਿਆਨਕ ਸੁਭਾਅ ਵਿਕਸਿਤ ਹੁੰਦਾ ਹੈ, ਕਿਉਂਕਿ ਵਿਕਸਿਤ ਭਾਰਤ 2047 ਨੂੰ ਹਾਸਲ ਕਰਨ ਦਾ ਟੀਚਾ ਵਿਗਿਆਨੀਆਂ ਦੇ ਬਿਨਾਂ ਪੂਰਾ ਹੋਣਾ ਨਾਮੁਮਕਿਨ ਹੈ। ਇਸ ਸੋਚ ਦੇ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਭਾਰਤ ’ਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਕੌਮੀ ਵਿਗਿਆਨ ਪੁਰਸਕਾਰ ਜੇਤੂ ਪ੍ਰੇਮ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਪ੍ਰਯੋਗ ਸਧਾਰਨ ਵਿਚਾਰਾਂ ਨੂੰ ਯਾਦਗਾਰੀ ਤਜਰਬਿਆਂ ’ਚ ਬਦਲਦੇ ਹਨ ਤੇ ਖੋਜ ਰਾਹੀਂ ਵਿਗਿਆਨਕ ਸੁਭਾਅ ਵਿਕਸਤ ਕਰਦੇ ਹਨ, ਨਾ ਕਿ ਸਿਰਫ਼ ਵਿਗਿਆਨਕ ਗਿਆਨ ਪ੍ਰਦਾਨ ਕਰਦੇ ਹਨ। ਵਿਹਾਰਕ ਅਨੁਭਵ ਦੇ ਨਾਲ ਸੰਕਲਪ ਹਰ ਵਿਦਿਆਰਥੀ ਦੀ ਯਾਦ ’ਚ ਲੰਬੇ ਸਮੇਂ ਤੱਕ ਰਹਿੰਦੇ ਹਨ ਤੇ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਵੀ ਮਜ਼ੇਦਾਰ ਬਣਾਉਂਦੇ ਹਨ। ਜਿਹੜੇ ਵਿਦਿਆਰਥੀ ਵਿਗਿਆਨ ’ਚ ਦਿਲਚਸਪੀ ਰੱਖਦੇ ਹਨ ਤੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਪ੍ਰਯੋਗ ਕਰਨਾ ਚਾਹੀਦਾ ਹੈ, ਫਿਰ ਖੋਜ ਕਰਨੀ ਚਾਹੀਦੀ ਹੈ ਤੇ ਦੇਖਣਾ ਚਾਹੀਦਾ ਹੈ ਕਿ ਇਸ ਪਿੱਛੇ ਵਿਗਿਆਨ ਕੀ ਹੈ। ਇਹ ਪਹੁੰਚ ਨਵੀਨਤਾ ਦੀ ਕੁੰਜੀ ਹੈ।