ਸੈਂਟਰਲ ਇੰਚਾਰਜ ਅਫ਼ਸਰ ਵੱਲੋਂ ਐਸਪੀਰੇਸ਼ਨਲ ਬਲਾਕ ਸ਼ਾਹਕੋਟ ਦਾ ਦੌਰਾ
ਸੈਂਟਰਲ ਪ੍ਰਭਾਰੀ ਅਫ਼ਸਰ ਵੱਲੋਂ ਐਸਪੀਰੇਸ਼ਨਲ ਬਲਾਕ ਸ਼ਾਹਕੋਟ ਦਾ ਦੌਰਾ
Publish Date: Wed, 24 Dec 2025 07:09 PM (IST)
Updated Date: Wed, 24 Dec 2025 07:10 PM (IST)

---ਪ੍ਰੋਗਰਾਮ ਤਹਿਤ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਲਈ ਚੱਲ ਰਹੇ ਉਪਰਾਲਿਆਂ ਦੀ ਕੀਤੀ ਸਮੀਖਿਆ ਪ੍ਰਿਤਪਾਲ ਸਿੰਘ , ਪੰਜਾਬੀ ਜਾਗਰਣ, ਸ਼ਾਹਕੋਟ : ਸੈਂਟਰਲ ਇੰਚਾਰਜ ਅਫ਼ਸਰ ਕੁਮਾਰ ਸੌਰਭ ਆਈਏਐੱਸ ਵੱਲੋਂ ਅੱਜ ਬਲਾਕ ਸ਼ਾਹਕੋਟ ਵਿਖੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਆਦਮਪੁਰ ਵਿਵੇਕ ਕੁਮਾਰ ਮੋਦੀ, ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਤੇ ਸਹਾਇਕ ਕਮਿਸ਼ਨਰ (ਯੂਟੀ) ਮੁਕਿਲਨ ਆਰ ਹਾਜ਼ਰ ਸਨ। ਕੁਮਾਰ ਸੌਰਭ ਨੇ ਬਲਾਕ ਪੱਧਰੀ ਅਧਿਕਾਰੀਆਂ ਨੂੰ ਸੁਧਾਰਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ ’ਤੇ ਫੀਲਡ ਵਿਜ਼ਿਟ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਚੱਲ ਰਹੇ ਕੰਮਾਂ ਦੀ ਨਿਗਰਾਨੀ ਯਕੀਨੀ ਬਣਾ ਕੇ ਇੰਡੀਕੇਟਰਾਂ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਈ ਜਾ ਸਕੇ। ਬੱਚਿਆਂ ਦੀ ਸਿਹਤ ਤੇ ਪੋਸ਼ਣ ਨੂੰ ਲੈ ਕੇ ਗੱਲ ਕਰਦਿਆਂ ਸੈਂਟਰਲ ਇੰਚਾਰਜ ਅਫ਼ਸਰ ਨੇ ਆਂਗਨਵਾੜੀ ਕੇਂਦਰਾਂ ’ਚ ਮਾਪਿਆਂ ਨੂੰ ਪੋਸ਼ਣ ਦੀ ਮਹੱਤਤਾ ਤੇ ਪੌਸ਼ਟਿਕ ਖੁਰਾਕ ਸਬੰਧੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਕੂਲਾਂ ’ਚ ਵੀ ਵਿਦਿਆਰਥੀਆਂ ਨੂੰ ਸਵੇਰ ਦੇ ਨਾਸ਼ਤੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਕਿਹਾ ਤਾਂ ਜੋ ਬੱਚਿਆਂ ’ਚ ਪੋਸ਼ਣ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਚੱਲ ਰਹੇ ਉਪਰਾਲਿਆਂ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਐੱਸਡੀਐੱਮ ਵਿਵੇਕ ਕੁਮਾਰ ਮੋਦੀ ਨੇ ਸੈਂਟਰਲ ਪ੍ਰਭਾਰੀ ਅਫ਼ਸਰ ਨੂੰ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਅਧੀਨ ਵੱਖ-ਵੱਖ ਇੰਡੀਕੇਟਰਾਂ ਤਹਿਤ ਸ਼ਾਹਕੋਟ ਬਲਾਕ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ‘ਐਸਪੀਰੇਸ਼ਨਲ ਬਲਾਕ’ ਨੂੰ ‘ਇੰਸਪੀਰੇਸ਼ਨਲ ਬਲਾਕֹ’ ਬਣਾਉਣ ਲਈ ਵਚਨਬੱਧ ਹੈ। ਉਪਰੰਤ ਸੈਂਟਰਲ ਇੰਚਾਰਜ ਅਫ਼ਸਰ ਨੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਚੱਲ ਰਹੀਆਂ ਪਹਿਲਕਦਮੀਆਂ ਦਾ ਜਾਇਜ਼ਾ ਲੈਣ ਲਈ ਸ਼ਾਹਕੋਟ ਵਿਖੇ ਸਰਕਾਰੀ ਸਕੂਲਾਂ, ਕਮਿਊਨਿਟੀ ਹੈਲਥ ਸੈਂਟਰ ਤੇ ਸਵੈ-ਸਹਾਇਤਾ ਸਮੂਹਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਲਾਕ ’ਚ ਡਰੈਗਨ ਫਰੂਟ ਫਾਰਮ ਤੇ ਵਿਦਿਅਕ ਸੰਸਥਾਵਾਂ ਵਿਖੇ ਕੀਤੇ ਗਏ ਨਵੀਨਤਾਕਾਰੀ ਅਭਿਆਸਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸ਼ਾਹਕੋਟ ਗਊਸ਼ਾਲਾ ਦੀ ਵੀ ਸ਼ਲਾਘਾ ਕੀਤੀ, ਜਿੱਥੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।