ਅਗਰਵਾਲ ਢਾਬੇ ’ਤੇ ਛਾਪਾ, 3 ਕਰੋੜ ਦੀ ਨਕਦੀ ਜ਼ਬਤ
ਅਗਰਵਾਲ ਢਾਬੇ ’ਤੇ ਸੈਂਟਰਲ ਜੀਐੱਸਟੀ ਵਿਭਾਗ ਨੇ ਛਾਪਾ ਮਾਰਿਆ, 3 ਕਰੋੜ ਰੁਪਏ ਦੀ ਨਕਦੀ ਜ਼ਬਤ
Publish Date: Tue, 18 Nov 2025 09:38 PM (IST)
Updated Date: Wed, 19 Nov 2025 04:14 AM (IST)
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸੈਂਟਰਲ ਜੀਐੱਸਟੀ ਵਿਭਾਗ ਨੇ ਮੰਗਲਵਾਰ ਨੂੰ ਜਲੰਧਰ ਦੇ ਅਗਰਵਾਲ ਢਾਬੇ 'ਤੇ ਛਾਪੇਮਾਰੀ ਕੀਤੀ। ਜਾਂਚ ਟੀਮ ਨੇ ਢਾਬਾ ਮਾਲਕ ਦੇ ਘਰ ’ਤੇ ਵੀ ਰੇਡ ਮਾਰੀ। ਟੀਮ ਨੂੰ ਘਰ ਤੇ ਢਾਬੇ ਤੋਂ ਤਿੰਨ ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜਾਂਚ ਦੌਰਾਨ ਵਿਭਾਗ ਨੇ ਢਾਬਾ ਮਾਲਕ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਤੇ ਮੋਬਾਈਲ ਫੋਨ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੂੰ ਪਹਿਲਾਂ ਤੋਂ ਹੀ ਢਾਬਾ ਮਾਲਕ ਵੱਲੋਂ ਟੈਕਸ ਚੋਰੀ ਕੀਤੇ ਜਾਣ ਦੀ ਸੁਚਨਾ ਮਿਲੀ ਹੋਈ ਸੀ। ਨਕਦੀ ਬਾਰੇ ਢਾਬਾ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀਐੱਸਟੀ ਵਿਭਾਗ ਦੇ ਸੁਪਰਡੈਂਟ ਕੁਲਵੰਤ ਰਾਏ ਨੇ ਕਿਹਾ ਕਿ ਇਹ ਸਿੱਧਾ ਟੈਕਸ ਚੋਰੀ ਦਾ ਮਾਮਲਾ ਹੈ। ਟੈਕਸ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ।
ਜਾਂਚ ਕੀਤੀ ਜਾ ਰਹੀ ਹੈ ਕਿ ਇੰਨਾ ਕੈਸ਼ ਕਿੱਥੋਂ ਆਇਆ ਹੈ ਇਹ ਹਜੇ ਜਾਂਚ ਦਾ ਵਿਸ਼ਾ ਹੈ। ਰੇਡ ਕਰਨ ਵਾਲੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਟੈਕਸ ਚੋਰੀ ਨਾਲ ਜੁੜੀਆਂ ਕਈ ਗੜਬੜੀਆਂ ਸਾਹਮਣੇ ਆਈਆਂ ਹਨ ਤੇ ਰਿਕਾਰਡ ’ਚ ਵੀ ਬੇਨਿਯਮੀਆਂ ਮਿਲੀਆਂ ਹਨ। ਵਿਭਾਗ ਵੱਲੋਂ ਦਸਤਾਵੇਜ਼ਾਂ ਦੀ ਵੀ ਜਾਂਚ ਜਾਰੀ ਹੈ। ਛਾਪੇਮਾਰੀ ਨੂੰ ਲੈ ਕੇ ਸੈਂਟਰਲ ਜੀਐੱਸਟੀ ਵਿਭਾਗ ਨੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ। ਅਗਰਵਾਲ ਢਾਬਾ ਜਲੰਧਰ ਦੇ ਕੂਲ ਰੋਡ ’ਤੇ ਸਥਿਤ ਹੈ। ਮੰਗਲਵਾਰ ਸਵੇਰੇ ਲਗਭਗ 8 ਵਜੇ ਸੈਂਟਰਲ ਜੀਐੱਸਟੀ ਦੀ ਟੀਮ ਨੇ ਰੇਡ ਕੀਤੀ। ਇਸ ਤੋਂ ਬਾਅਦ ਟੀਮ ਢਾਬੇ ਤੇ ਇਸ ਨਾਲ ਜੁੜੇ ਹੋਏ ਹੋਰ ਸਥਾਨਾਂ 'ਤੇ ਟੈਕਸ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਅਧਿਕਾਰੀਆਂ ਅਨੁਸਾਰ ਢਾਬਾ ਮਾਲਕ ’ਤੇ ਵੱਡੇ ਪੱਧਰ ’ਤੇ ਟੈਕਸ ਚੋਰੀ ਦਾ ਸ਼ੱਕ ਸੀ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਸੁਪਰਡੈਂਟ ਕੁਲਵੰਤ ਰਾਏ ਦੀ ਅਗਵਾਈ ਹੇਠ ਟੀਮ ਨੇ ਢਾਬੇ ਤੇ ਮਾਲਕ ਦੇ ਨਿਵਾਸ ਸਥਾਨ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਇਹ ਨਕਦੀ ਬਰਾਮਦ ਹੋਈ। ਛਾਪੇਮਾਰੀ ਦੌਰਾਨ ਬਾਹਰ ਆਏ ਵਿਭਾਗੀ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸਨੂੰ ਜਾਂਚ ਅਧੀਨ ਮਾਮਲਾ ਦੱਸਿਆ। ਵਿਭਾਗ ਨੇ ਤਿੰਨ ਕਰੋੜ ਦੀ ਨਕਦੀ ਜ਼ਬਤ ਕਰ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰੀ ਜਾਂਚ ਪੂਰੀ ਹੋਣ ਦੇ ਬਾਅਦ ਹੀ ਸੀਨੀਅਰ ਅਧਿਕਾਰੀ ਇਸ ਬਾਰੇ ਜਾਣਕਾਰੀ ਜਾਰੀ ਕਰਨਗੇ।