ਨਵਾਂ ਸਾਲ ਮਨਾਓ, ਪਰ ਹੁੜਦੰਗ ਨਹੀਂ................

-ਨਵੇਂ ਵਰ੍ਹੇ ’ਚ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ, ਸ਼ਹਿਰ ’ਚ ਨਾਕਾਬੰਦੀ ’ਤੇ ਚੈਕਿੰਗ
-ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੇਂ ਸਾਲ ਦੇ ਸਵਾਗਤ ਨੂੰ ਲੈ ਕੇ ਜਲੰਧਰ ’ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕ ਪੂਰੇ ਜੋਸ਼ ਨਾਲ ਨਵਾਂ ਸਾਲ ਮਨਾਉਣ ਦੀ ਤਿਆਰੀ ’ਚ ਹਨ ਪਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਜਸ਼ਨ ਦੀ ਆੜ ’ਚ ਕਿਸੇ ਵੀ ਕਿਸਮ ਦਾ ਹੁੜਦੰਗ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਭ ਲੋਕ ਨਵਾਂ ਸਾਲ ਜ਼ਰੂਰ ਮਨਾਉਣ ਪਰ ਇਸ ਦੌਰਾਨ ਦੂਜਿਆਂ ਦੀ ਆਜ਼ਾਦੀ ਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਹੁੱਲੜਬਾਜ਼ ਨਾਚ-ਗਾਣੇ ਤੇ ਜਸ਼ਨ ਦੇ ਨਾਮ ’ਤੇ ਨਾ ਸਿਰਫ਼ ਆਪਣਾ ਮਾਹੌਲ ਖਰਾਬ ਕਰਦੇ ਹਨ, ਸਗੋਂ ਦੂਜਿਆਂ ਦੀਆਂ ਖੁਸ਼ੀਆਂ ’ਚ ਵੀ ਖਲਲ ਪਾਉਂਦੇ ਹਨ। ਸੜਕਾਂ ’ਤੇ ਉੱਚੀ ਆਵਾਜ਼ ’ਚ ਸੰਗੀਤ, ਸ਼ਰਾਬ ਪੀ ਕੇ ਵਾਹਨ ਚਲਾਉਣਾ ਜਾਂ ਝਗੜਾ ਕਰਨਾ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਕੋਈ ਵਿਅਕਤੀ ਅਸ਼ਾਂਤੀ ਫੈਲਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
----------------------
ਤਿੰਨ-ਪੱਧਰੀ ਰਹੇਗੀ ਸੁਰੱਖਿਆ ਵਿਵਸਥਾ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਵੇਂ ਸਾਲ ਦੀ ਰਾਤ ਸ਼ਹਿਰ ’ਚ ਤਿੰਨ-ਪੱਧਰੀ ਸੁਰੱਖਿਆ ਵਿਵਸਥਾ ਲਾਗੂ ਕੀਤੀ ਜਾਵੇਗੀ। ਪਹਿਲੇ ਪੱਧਰ ’ਤੇ ਬਾਹਰੀ ਇਲਾਕਿਆਂ ’ਚ ਪੂਰੀ ਨਾਕਾਬੰਦੀ ਕੀਤੀ ਜਾਵੇਗੀ ਤੇ ਮੁੱਖ ਦਾਖਲਾ ਮਾਰਗਾਂ ’ਤੇ ਪੁਲਿਸ ਬਲ ਤਾਇਨਾਤ ਰਹੇਗਾ। ਦੂਜੇ ਪੱਧਰ ’ਤੇ ਸ਼ਹਿਰ ਅੰਦਰ ਨਿਯਮਤ ਪੈਟਰੋਲਿੰਗ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਤੁਰੰਤ ਰੋਕਿਆ ਜਾ ਸਕੇ। ਤੀਜਾ ਪੱਧਰ ਪੀਸੀਆਰ ਟੀਮਾਂ ਦਾ ਹੋਵੇਗਾ, ਜਿਨ੍ਹਾਂ ਦੀ ਵੱਡੀ ਗਿਣਤੀ ਇਲਾਕਿਆਂ ’ਚ ਲਗਾਤਾਰ ਮੂਵਮੈਂਟ ਕਰਦੀ ਰਹੇਗੀ।
----------------------
ਮੇਨ ਮਾਰਕੀਟਾਂ ਤੇ ਸਮਾਗਮ ਸਥਾਨਾਂ ’ਤੇ ਵਿਸ਼ੇਸ਼ ਨਿਗਰਾਨੀ
ਨਵੇਂ ਸਾਲ ਮੌਕੇ ਮੇਨ ਮਾਰਕੀਟਾਂ, ਮਾਲ, ਰੈਸਟੋਰੈਂਟ ਤੇ ਭੀੜ-ਭਾੜ ਵਾਲੇ ਇਲਾਕਿਆਂ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਜਿੱਥੇ-ਜਿੱਥੇ ਨਵੇਂ ਸਾਲ ਦੇ ਸਮਾਗਮ ਹੋਣਗੇ, ਉੱਥੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ। ਪੁਲਿਸ ਕਰਮਚਾਰੀ ਸਵੇਰੇ 2 ਵਜੇ ਤੱਕ ਡਿਊਟੀ ’ਤੇ ਰਹਿਣਗੇ ਤਾਂ ਜੋ ਜਸ਼ਨ ਦੌਰਾਨ ਕਾਨੂੰਨ-ਵਿਵਸਥਾ ਬਣੀ ਰਹੇ।
-----------------------
ਜੀਓ ਰੈਂਕ ਦੇ ਅਧਿਕਾਰੀ ਖੁਦ ਮੈਦਾਨ ’ਚ ਰਹਿਣਗੇ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਜੀਓ ਰੈਂਕ ਦੇ ਅਧਿਕਾਰੀ ਸੰਭਾਲਣਗੇ। ਏਡੀਸੀਪੀ ਤੇ ਏਸੀਪੀ ਰੈਂਕ ਦੇ ਅਧਿਕਾਰੀ ਫੀਲਡ ’ਚ ਤਾਇਨਾਤ ਰਹਿਣਗੇ ਤੇ ਹਾਲਾਤ ’ਤੇ ਨਿਗ੍ਹਾ ਰੱਖਣਗੇ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
----------------------
ਹੋਟਲ ਤੇ ਮੈਰਿਜ ਪੈਲੇਸ ਮਾਲਕਾਂ ਨੂੰ ਸਖ਼ਤ ਹਦਾਇਤਾਂ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਹੋਟਲ, ਕਲੱਬ ਤੇ ਮੈਰਿਜ ਪੈਲੇਸ ਮਾਲਕਾਂ ਨੂੰ ਸੱਦ ਕੇ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਸਥਾਨਾਂ ’ਤੇ ਪ੍ਰਾਪਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ। ਕਿਸੇ ਵੀ ਤਰ੍ਹਾਂ ਦੀ ਗੜਬੜੀ, ਝਗੜੇ ਜਾਂ ਗੈਰਕਾਨੂੰਨੀ ਗਤੀਵਿਧੀ ਨੂੰ ਤੁਰੰਤ ਰੋਕਣ ਤੇ ਲੋੜ ਪੈਣ ’ਤੇ ਪੁਲਿਸ ਨੂੰ ਸੂਚਿਤ ਕਰਨ।
---------------------
ਖੁਦ ਵੀ ਨਵੇਂ ਸਾਲ ਦਾ ਸਵਾਗਤ ਕਰੋ ਤੇ ਦੂਜਿਆਂ ਨੂੰ ਵੀ ਸ਼ਾਂਤੀ ਨਾਲ ਮਨਾਉਣ ਦਿਓ। ਜਸ਼ਨ ਖੁਸ਼ੀਆਂ ਦਾ ਪ੍ਰਤੀਕ ਹੁੰਦਾ ਹੈ, ਹੁੱਲੜਬਾਜ਼ੀ ਦਾ ਨਹੀਂ। ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਰਿਆਇਤ ਦੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਚਾਹੁੰਦਾ ਹੈ ਕਿ ਜਲੰਧਰ ’ਚ ਨਵਾਂ ਸਾਲ ਸੁਰੱਖਿਅਤ, ਸ਼ਾਂਤੀਪੂਰਨ ਤੇ ਖੁਸ਼ਹਾਲ ਮਾਹੌਲ ’ਚ ਮਨਾਇਆ ਜਾਵੇ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ