ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਮੁਲਜ਼ਮ ਕੋਲ ਚਾਕੂ ਕਿੱਥੋਂ ਆਇਆ ਅਤੇ ਉਹ ਸੁਰੱਖਿਆ ਜਾਂਚ ਤੋਂ ਕਿਵੇਂ ਬਚ ਗਿਆ। ਜ਼ਖਮੀ ਪੁਲਿਸ ਮੁਲਾਜ਼ਮ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਹਜ਼ਾਰੀ ਲਾਲ, ਹੁਸ਼ਿਆਰਪੁਰ : ਇੱਥੇ ਸ਼ਨੀਵਾਰ ਨੂੰ ਸਿਵਲ ਹਸਪਤਾਲ ਦੇ ਬਾਹਰ ਮੈਡੀਕਲ ਜਾਂਚ ਲਈ ਲਿਆਂਦੇ ਗਏ ਹਵਾਲਾਤੀ ਤੇ ਪੁਲਿਸ ਮੁਲਾਜ਼ਮ ਵਿਚਕਾਰ ਹੋਈ ਮੁਠਭੇੜ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੀਸੀਟੀਵੀ 'ਚ ਮੁਲਜ਼ਮ ਪੁਲਿਸ ਮੁਲਾਜ਼ਮ 'ਤੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦਿੱਤਾ। ਬਾਅਦ 'ਚ ਪੁਲਿਸ ਨੂੰ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਉਣੀ ਪਈ। ਅਖੀਰ 'ਚ ਇਲਾਜ ਦੌਰਾਨ ਹਵਾਲਾਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨਸੀਬ ਸਿੰਘ ਨਿਵਾਸੀ ਕੋਟਲਾ ਗੌਂਸਪੁਰ ਵਜੋਂ ਹੋਈ ਹੈ। ਉਹ ਨਸ਼ਾ ਤਸਕਰੀ ਦੇ ਮਾਮਲੇ 'ਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ਨੀਵਾਰ ਨੂੰ ਨਿਯਮਤ ਮੈਡੀਕਲ ਜਾਂਚ ਲਈ ਉਸ ਨੂੰ ਦੋ ਹੋਰ ਵਿਚਾਰ ਅਧੀਨ ਕੈਦੀਆਂ ਦੇ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ ਸੀ।
ਐੱਸਐੱਸਪੀ ਸੰਦੀਪ ਕਮਾਰ ਮਲਿਕ ਨੇ ਦੱਸਿਆ ਕਿ ਤਿੰਨਾਂ ਕੈਦੀਆਂ ਦੀ ਸੁਰੱਖਿਆ ਲਈ ਚਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਹਸਪਤਾਲ ਦੇ ਬਾਹਰ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਮੁਲਜ਼ਮ ਨਸੀਬ ਸਿੰਘ ਨੂੰ ਈ-ਰਿਕਸ਼ਾ ਤੋਂ ਐਂਬੂਲੈਂਸ ਵੱਲ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਮੁਲਜ਼ਮ ਨੇ ਅਚਾਨਕ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਅਨੁਸਾਰ ਜਦੋਂ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਨੇ ਉਸ ਨੂੰ ਫੜਨ ਦਾ ਯਤਨ ਕੀਤਾ ਤਾਂ ਨਸੀਬ ਸਿੰਘ ਨੇ ਚਾਕੂ ਕੱਢ ਕੇ ਹਮਲਾ ਕਰ ਦਿੱਤਾ। ਹਮਲੇ 'ਚ ਕਾਂਸਟੇਬਲ ਦੇ ਹੱਥ, ਚਿਹਰੇ ਅਤੇ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਰੋਕਣ ਤੇ ਹਥਿਆਰ ਸੁੱਟਣ ਦੀ ਚਿਤਾਵਨੀ ਦਿੱਤੀ, ਪਰ ਉਹ ਲਗਾਤਾਰ ਹਮਲਾ ਕਰਦਾ ਰਿਹਾ।
ਸਥਿਤੀ ਵਿਗੜਦੀ ਦੇਖ ਪੁਲਿਸ ਨੇ ਪਹਿਲਾਂ ਜ਼ਮੀਨ ਵੱਲ ਚਿਤਾਵਨੀ ਵਜੋਂ ਗੋਲੀ ਚਲਾਈ। ਇਸ ਦੌਰਾਨ ਮੁਲਜ਼ਮ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਹੱਥੋਪਾਈ ਵੀ ਹੋਈ, ਜਿਸ ਵਿਚ ਦੋਵੇਂ ਜ਼ਮੀਨ 'ਤੇ ਡਿੱਗ ਗਏ। ਪੁਲਿਸ ਦਾ ਦਾਅਵਾ ਹੈ ਕਿ ਇਸੇ ਦੌਰਾਨ ਮੁਲਜ਼ਮ ਨੇ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਹੱਥੋਪਾਈ ਦੇ ਵਿਚਕਾਰ ਚੱਲੀ ਗੋਲੀ ਨਸੀਬ ਸਿੰਘ ਨੂੰ ਜਾ ਲੱਗੀ।
ਗੋਲ਼ੀ ਲੱਗਣ ਤੋਂ ਬਾਅਦ ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਹਸਪਤਾਲ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਮੁਲਜ਼ਮ ਕੋਲ ਚਾਕੂ ਕਿੱਥੋਂ ਆਇਆ ਅਤੇ ਉਹ ਸੁਰੱਖਿਆ ਜਾਂਚ ਤੋਂ ਕਿਵੇਂ ਬਚ ਗਿਆ। ਜ਼ਖਮੀ ਪੁਲਿਸ ਮੁਲਾਜ਼ਮ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਘਟਨਾ ਦੀ ਸੀਸੀਟੀਵੀ ਰਿਕਾਰਡਿੰਗ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਦੇ ਅਧਾਰ 'ਤੇ ਪੂਰੇ ਘਟਨਾਕ੍ਰਮ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਜੇਲ੍ਹ ਸੁਰੱਖਿਆ ਅਤੇ ਹਵਾਲਾਤੀਆਂ ਦੀ ਨਿਗਰਾਨੀ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।