32 ਹਾਟਸਪੋਟਸ ’ਤੇ ਚਲਾਇਆ ਕਾਸੋ ਆਪ੍ਰੇਸ਼ਨ
32 ਹਾਟਸਪੋਟਸ ‘ਤੇ ਕਾਸੋ ਓਪਰੇਸ਼ਨ
Publish Date: Tue, 18 Nov 2025 06:23 PM (IST)
Updated Date: Tue, 18 Nov 2025 06:25 PM (IST)

-ਪੁਲਿਸ ਕਮਿਸ਼ਨਰ ਵੱਲੋਂ ਜ਼ਮੀਨੀ ਪੱਧਰ ’ਤੇ ਮੁਆਇਨਾ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ੇ ਨਾਲ ਸਬੰਧਤ ਸਰਗਰਮੀਆਂ ’ਤੇ ਰੋਕ ਲਾਉਣ ਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਟੀਚੇ ਨਾਲ ਸ਼ਹਿਰ ਦੇ 32 ਹਾਟਸਪੋਟਸ ’ਤੇ ਵਿਸ਼ੇਸ਼ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਖੁਦ ਬਰਲਟਨ ਪਾਰਕ ਵਿਖੇ ਪੁੱਜ ਕੇ ਕਾਰਵਾਈ ਦੀ ਮੌਕੇ ‘ਤੇ ਸਮੀਖਿਆ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਤੇ ਵੱਖ-ਵੱਖ ਜਾਂਚਾਂ ਦੌਰਾਨ ਪ੍ਰਾਪਤ ਇਨਪੁਟਾਂ ਦੇ ਆਧਾਰ ’ਤੇ ਬਰਲਟਨ ਪਾਰਕ, ਧੰਕੀਆ ਮੁਹੱਲਾ, ਆਬਾਦਪੁਰਾ, ਭਾਰਗੋ ਕੈਂਪ, ਮੰਗੂ ਬਸਤੀ ਤੇ ਹੋਰ ਇਲਾਕਿਆਂ ਸਮੇਤ ਕੁੱਲ 32 ਥਾਵਾਂ ਨੂੰ ਟਾਰਗੇਟ ਕੀਤਾ ਗਿਆ। ਇਨ੍ਹਾਂ ਥਾਵਾਂ ’ਤੇ ਨਸ਼ੇ ਨਾਲ ਜੁੜੀਆਂ ਸਰਗਰਮੀਆਂ ਹੋਣ ਦਾ ਸ਼ੱਕ ਸੀ, ਉਨ੍ਹਾਂ ਨੂੰ ਇਸ ਕਾਰਵਾਈ ਲਈ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਸ ਆਪ੍ਰੇਸ਼ਨ ਲਈ ਕਰੀਬ 300 ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਤੇ ਹਰ ਹਾਟਸਪੋਟ ’ਤੇ ਕਾਸੋ ਆਪ੍ਰੇਸ਼ਨ ਦੀ ਅਗਵਾਈ ਜੀਓ-ਰੈਂਕ ਦੇ ਅਫਸਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ, ਵਾਹਨਾਂ ਦੀ ਚੈਕਿੰਗ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਖਾਸ ਨਿਗਰਾਨੀ ਕੀਤੀ ਗਈ। ਇਸ ਦੌਰਾਨ ਹੁਣ ਤੱਕ ਐੱਨਡੀਪੀਐੱਸ ਐਕਟ ਤਹਿਤ ਕੁੱਲ 11 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਹੋਰ ਰਿਕਵਰੀਆਂ ਤੇ ਬਾਕੀ ਕਾਰਵਾਈਆਂ ਬਾਰੇ ਵਿਸਥਾਰਿਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।