ਸ਼ੋਅਰੂਮ ’ਚੋਂ 11 ਲੱਖ ਦੀ ਨਕਦੀ ਚੋਰੀ
ਸ਼ੋਅਰੂਮ ’ਚੋਂ 11.5 ਲੱਖ ਰੁਪਏ ਦੀ ਨਕਦੀ ਚੋਰੀ
Publish Date: Tue, 27 Jan 2026 09:20 PM (IST)
Updated Date: Tue, 27 Jan 2026 09:22 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ ਤੇ ਹੁਣ ਚੋਰਾਂ ਨੇ ਸ਼ਹਿਰ ਦੇ ਪਾਸ਼ ਮਾਡਲ ਟਾਊਨ ਖੇਤਰ ਨੂੰ ਨਿਸ਼ਾਨਾ ਬਣਾਇਆ ਹੈ। ਬੀਤੀ ਦੇਰ ਰਾਤ ਮਾਡਲ ਟਾਊਨ ਦੇ ਆਈਕੋਨਿਕ ਮਾਲ ’ਚ ਇਕ ਕੱਪੜਿਆਂ ਦੇ ਸ਼ੋਅਰੂਮ ’ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਹੋਣ ਦੀ ਖ਼ਬਰ ਮਿਲੀ ਹੈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਚੋਰ ਸ਼ੋਅਰੂਮ ’ਚ ਦਾਖਲ ਹੋਏ, ਲਗਭਗ 11.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਮੌਕੇ ਤੋਂ ਭੱਜ ਗਏ। ਹੈਰਾਨੀ ਦੀ ਗੱਲ ਹੈ ਕਿ ਚੋਰੀ ਦੇ ਸਮੇਂ ਮਾਲ ’ਚ ਸੁਰੱਖਿਆ ਗਾਰਡ ਤਾਇਨਾਤ ਸਨ, ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਜਦੋਂ ਸਵੇਰੇ ਸ਼ੋਅਰੂਮ ਖੁੱਲ੍ਹਿਆ ਤਾਂ ਮੈਨੇਜਰ ਨੇ ਸੇਫ ਟੁੱਟੀ ਹੋਈ ਪਾਈ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਥਾਣਾ ਨੰਬਰ ਛੇ ਦੀ ਪੁਲਿਸ ਫੋਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚੀ ਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੋਅਰੂਮ ਮੈਨੇਜਰ ਦੇ ਅਨੁਸਾਰ ਦੋ ਚੋਰਾਂ ਨੇ ਇਹ ਵਾਰਦਾਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਕੱਪੜਿਆਂ ਦੇ ਸ਼ੋਅਰੂਮ ’ਚ ਚੋਰੀ ਹੋਈ ਸੀ ਤੇ ਨਕਦੀ ਚੋਰੀ ਹੋ ਗਈ ਸੀ। ਮੁੱਢਲੀ ਜਾਂਚ ਮਾਲ ਦੀ ਸੁਰੱਖਿਆ ਪ੍ਰਣਾਲੀ ਤੇ ਸਵਾਲ ਖੜ੍ਹੇ ਕਰਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਡਿਊਟੀ ਤੇ ਮੌਜੂਦ ਸੁਰੱਖਿਆ ਗਾਰਡ ਇਸ ਘਟਨਾ ’ਚ ਸ਼ਾਮਲ ਹੋ ਸਕਦਾ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਚੋਰੀ ਤੋਂ ਬਾਅਦ ਸੁਰੱਖਿਆ ਗਾਰਡ ਫਰਾਰ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇਸ ਮਾਮਲੇ ਸਬੰਧੀ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ, ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰਾ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ।