ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਨਾਮਜ਼ਦ
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ’ਤੇ ਮਾਮਲਾ ਦਰਜ
Publish Date: Thu, 04 Dec 2025 07:09 PM (IST)
Updated Date: Thu, 04 Dec 2025 07:11 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਜਾਲੀ ਟਰੈਵਲ ਏਜੰਟ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਿੰਗਾਰਾ ਲਾਲ ਵਾਸੀ ਖੁਰਲਾ ਕਿੰਗਰਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦਮਨ ਨੂੰ ਰਸ਼ੀਆ ਭੇਜਣਾ ਸੀ। ਉਸਨੇ ਸੋਸ਼ਲ ਮੀਡੀਆ ’ਤੇ ਇੱਕ ਇਸ਼ਤਿਆਰ ਦੇਖਿਆ ਜਿਸ ’ਚ ਲਿਖਿਆ ਗਿਆ ਸੀ ਕਿ ਸਹੀ ਤਰੀਕੇ ਨਾਲ ਰਸ਼ੀਆ ਭੇਜਣ ਲਈ ਸੰਪਰਕ ਕਰੋ। ਜਿਸ ਤੋਂ ਬਾਅਦ ਉਹ ਮਨਿੰਦਰਜੀਤ ਸਿੰਘ ਵਾਸੀ ਖੁਰਲਾ ਕਿੰਗਰਾ ਨੂੰ ਮਿਲਿਆ। ਉਸ ਨੇ ਮਨਿੰਦਰਜੀਤ ਸਿੰਘ ਨਾਲ ਆਪਣੇ ਪੁੱਤਰ ਦਮਨ ਨੂੰ ਰਸ਼ੀਆ ਭੇਜਣ ਲਈ ਗੱਲਬਾਤ ਕੀਤੀ। ਉਸ ਨੇ ਦਮਨ ਨੂੰ ਵਿਦੇਸ਼ ਭੇਜਣ ਲਈ 4 ਲੱਖ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਉਸ ਨੇ ਦਮਨ ਦਾ ਪਾਸਪੋਰਟ ਤੇ ਚਾਰ ਲੱਖ ਦਸ ਹਜ਼ਾਰ ਰੁਪਏ ਉਕਤ ਟਰੈਵਲ ਏਜੰਟ ਨੂੰ ਦੇ ਦਿੱਤੇ। ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿਲਵਾਇਆ ਸੀ ਕਿ ਦੋ ਮਹੀਨਿਆਂ ਦੇ ਵਿਚ-ਵਿਚ ਉਹ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜ ਦੇਵੇਗਾ। ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਜਦੋਂ ਦਮਨ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਜਦੋਂ ਉਸ ਨੇ ਮਨਿੰਦਰਜੀਤ ਸਿੰਘ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਹ ਧਮਕੀਆਂ ਦੇਣ ਲੱਗ ਪਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦੇਣੀ ਪਈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮਨਿੰਦਰਜੀਤ ਸਿੰਘ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰ ਦਿੱਤਾ ਹੈ ਤੇ ਉਸ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।