ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਠੱਗਣ ਵਾਲੇ ’ਤੇ ਪਰਚਾ
ਪੰਜਾਬ ਪੁਲਿਸ ’ਚ ਨੌਕਰੀ ਦਿਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਮੁਲਾਜ਼ਮ ’ਤੇ ਮਾਮਲਾ ਦਰਜ
Publish Date: Sat, 15 Nov 2025 08:22 PM (IST)
Updated Date: Sat, 15 Nov 2025 08:26 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪੰਜਾਬ ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਮੁਲਾਜ਼ਮ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਸਪਾਲ ਸਿੰਘ ਵਾਸੀ ਨਿਊ ਬਲਦੇਵ ਨਗਰ ਜਲੰਧਰ ਨੇ ਦੱਸਿਆ ਕਿ ਉਸ ਨੇ ਮਨਜੀਤ ਸਿੰਘ ਵਾਸੀ ਪਿੰਡ ਲੱਖੇਕੋ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਪੰਜਾਬ ਪੁਲਿਸ ’ਚ ਲੱਗਾ ਹੋਇਆ ਹੈ, ਨਾਲ ਆਪਣੇ ਪੁੱਤਰ ਨੂੰ ਪੰਜਾਬ ਪੁਲਿਸ ’ਚ ਭਰਤੀ ਕਰਵਾਉਣ ਬਾਰੇ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਉਸਦੇ ਲੜਕੇ ਨੂੰ ਪੰਜਾਬ ਪੁਲਿਸ ’ਚ ਭਰਤੀ ਕਰਵਾਉਣ ਲਈ ਉਹ 7 ਲੱਖ 40 ਹਜ਼ਾਰ ਲਵੇਗਾ। ਇਸ ਤੋਂ ਬਾਅਦ ਉਸ ਨੇ ਮਨਜੀਤ ਸਿੰਘ ਨੂੰ 7 ਲੱਖ 40 ਹਜ਼ਾਰ ਦੇ ਦਿੱਤੇ। ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਮਨਜੀਤ ਸਿੰਘ ਨੇ ਉਸ ਦੇ ਪੁੱਤਰ ਨੂੰ ਨੌਕਰੀ ਨਹੀਂ ਦਿਲਵਾਈ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਉਸ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਜਸਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਏਐੱਸਆਈ ਸਤਨਾਮ ਸਿੰਘ ਨੂੰ ਦਿੱਤੀ ਗਈ ਜਿਨ੍ਹਾਂ ਨੇ ਜਾਂਚ ਤੋਂ ਬਾਅਦ ਮਨਜੀਤ ਸਿੰਘ ਖਿਲਾਫ ਧਾਰਾ 406, 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।