ਖੁਦਕੁਸ਼ੀ ਮਾਮਲੇ ’ਚ ਔਰਤ ਸਮੇਤ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ
(ਮਾਮਲਾ ਪ੍ਰੇਮਿਕਾ ਤੇ ਉਸਦੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਖੁਦਕੁਸ਼ੀ ਕਰਨ ਦਾ)
Publish Date: Wed, 19 Nov 2025 09:39 PM (IST)
Updated Date: Wed, 19 Nov 2025 09:40 PM (IST)

-ਪ੍ਰੇਮਿਕਾ ਤੇ ਉਸਦੇ ਪਰਿਵਾਰ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਨੌਜਵਾਨ ਨੇ ਕੀਤੀ ਸੀ ਖੁਦਕੁਸ਼ੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਭਾਰਗੋ ਕੈਂਪ ਦੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਭਾਰਗੋ ਕੈਂਪ ਦੀ ਪੁਲਿਸ ਨੇ ਵਿਆਹ ਤੋਂ ਇਨਕਾਰ ਕਰਨ ਵਾਲੀ ਔਰਤ ਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਜਾਣਕਾਰੀ ਅਨੁਸਾਰ ਭਾਰਗੋ ਕੈਂਪ ਦੇ ਰਹਿਣ ਵਾਲੇ ਅਮਨਦੀਪ ਨੇ ਆਪਣੀ ਪ੍ਰੇਮਿਕਾ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਮੌਤ ਸਬੰਧੀ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੇ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੇ ਵਿਆਹ ਤੋਂ ਇਨਕਾਰ ਕਰਨ ਕਾਰਨ ਇਹ ਸਖ਼ਤ ਕਦਮ ਚੁੱਕਿਆ। ਮ੍ਰਿਤਕ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਦੋ ਸਾਲਾਂ ਤੋਂ ਇਕ ਮੁਟਿਆਰ ਨਾਲ ਪ੍ਰੇਮ ਸਬੰਧਾਂ ’ਚ ਸੀ, ਜਿਸ ਦਾ ਘਰ ਭਾਰਗੋ ਕੈਂਪ ਥਾਣੇ ਦੇ ਪਿੱਛੇ ਸਥਿਤ ਸੀ। ਪਰਿਵਾਰ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਤੇ ਲਗਪਗ ਦੋ ਸਾਲ ਪਹਿਲਾਂ ਜਲੰਧਰ ਦੇ ਹੋਟਲ ਡਾਊਨਟਾਊਨ ’ਚ ਉਨ੍ਹਾਂ ਦੀ ਮੰਗਣੀ ਕਰਵਾਈ। ਉਸ ਸਮੇਂ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਛੋਟੀ ਉਮਰ ਦਾ ਹਵਾਲਾ ਦਿੰਦੇ ਹੋਏ ਵਿਆਹ ਨੂੰ ਪੰਜ ਸਾਲ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ, ਜਿਸ ਤੇ ਮੁੰਡੇ ਦਾ ਪਰਿਵਾਰ ਸਹਿਮਤ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮੰਗਣੀ ਤੋਂ ਬਾਅਦ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਸੀ ਤੇ ਦੋਵਾਂ ਨੇ ਫ਼ੋਨ ਤੇ ਚੈਟਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਛੇ ਵੀਡੀਓ ਬਣਾਈਆਂ। ਪੁਲਿਸ ਵੱਲੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।