ਵਿਦੇਸ਼ੀ ਨੰਬਰ ਤੋਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਕਾਰਪੈਂਟਰ ਗ੍ਰਿਫ਼ਤਾਰ
ਵਿਦੇਸ਼ੀ ਨੰਬਰ ਤੋਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਕਾਰਪੈਂਟਰ ਗ੍ਰਿਫ਼ਤਾਰ
Publish Date: Thu, 04 Dec 2025 07:12 PM (IST)
Updated Date: Thu, 04 Dec 2025 07:14 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੁਲਿਸ ਵੱਲੋਂ ਵਿਦੇਸ਼ੀ ਫੋਨ ਨੰਬਰ ਦੀ ਵਰਤੋਂ ਕਰ ਕੇ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਪਾਰੀ ਨੂੰ 24 ਨਵੰਬਰ ਨੂੰ ਵਿਦੇਸ਼ੀ ਨੰਬਰ ਤੋਂ 10 ਲੱਖ ਰੁਪਏ ਦੀ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਇਸ ’ਤੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਤੁਰੰਤ ਕਾਰਵਾਈ ਕਰਦੇ ਹੋਏ 26 ਨਵੰਬਰ ਨੂੰ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਤਾਂ ਫਿਰੌਤੀ ਮੰਗਣ ਵਾਲੇ ਵਿਅਕਤੀ ਦੀ ਪਛਾਣ ਸੁਖਵਿੰਦਰ ਉਰਫ ਸੁੱਖਾ (23) ਪੁੱਤਰ ਸੁਰਜੀਤ ਵਾਸੀ ਰਾਮੇ ਵਜੋਂ ਹੋਈ ਹੈ। ਸੁਖਵਿੰਦਰ ਅਕਤੂਬਰ 2025 ਨੂੰ ਇਕ ਏਜੰਟ ਰਾਹੀਂ ਰੂਸ ਗਿਆ ਸੀ ਪਰ ਉਹ 11 ਨਵੰਬਰ 2025 ਨੂੰ ਡਿਪੋਰਟ ਹੋ ਕੇ ਵਾਪਸ ਭਾਰਤ ਆ ਗਿਆ ਸੀ। ਮੁਲਜਮ ਨੇ ਵਾਪਸ ਆਉਣ ਤੋਂ ਬਾਅਦ ਵੀ ਰੂਸ ਦਾ ਨੰਬਰ ਬੰਦ ਨਹੀਂ ਕੀਤਾ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ ਤਾਂ ਜੋ ਉਹ ਆਪਣੀ ਵਾਪਸੀ ਦੀ ਗੱਲ ਲੁਕਾ ਸਕੇ। ਮੁਲਜ਼ਮ ਨੇ ਵਿਦੇਸ਼ ਜਾਣ ’ਤੇ ਹੋਏ ਖਰਚੇ ਨੂੰ ‘ਸ਼ਾਰਟ ਕੱਟ’ ਤਰੀਕੇ ਨਾਲ ਪੂਰਾ ਕਰਨ ਲਈ ਹੀ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮ ਸੁਖਵਿੰਦਰ ਸਿੰਘ ਕਾਰਪੈਂਟਰ ਦਾ ਕੰਮ ਕਰਦਾ ਸੀ, ਇਸ ਲਈ ਸ਼ਾਹਕੋਟ ਦਾ ਵਪਾਰੀ ਉਸ ਦੀ ਆਵਾਜ਼ ਨੂੰ ਪਛਾਣਦਾ ਸੀ। ਵਪਾਰੀ ਵੱਲੋਂ ਵਾਈਸ ਮੈਸਿਜਾਂ ਦੀ ਆਵਾਜ਼ ਦੀ ਪੁਸ਼ਟੀ ਕਰਨ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਲਈ ਤੇ ਮੁਲਜ਼ਮ ਨੂੰ 11 ਦਸੰਬਰ 2025 ਨੂੰ ਬੱਸ ਸਟੈਂਡ ਸ਼ਾਹਕੋਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਦੀ ਹੋਰ ਗੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਮੂਲੀਅਤ, ਇਸ ਕੰਮ ਵਿੱਚ ਉਸ ਦਾ ਸਾਥ ਦੇਣ ਵਾਲੇ ਹੋਰ ਵਿਅਕਤੀਆਂ ਅਤੇ ਉਨ੍ਹਾਂ ਵੱਲੋਂ ਹੁਣ ਤਕ ਕੀਤੀਆਂ ਗਈਆਂ ਹੋਰ ਫਿਰੌਤੀਆਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।