ਕਾਲਾ ਬੱਕਰਾ ’ਚ ਟਰਾਲੇ ਤੇ ਕਾਰ ਦੀ ਟੱਕਰ, ਇਕ ਜ਼ਖ਼ਮੀ
ਸਿਵਲ ਹਸਪਤਾਲ ਕਾਲਾ ਬੱਕਰਾ ਸਾਹਮਣੇ ਟਰਾਲੇ ਤੇ ਕਾਰ ਦੀ ਟੱਕਰ, ਇਕ ਜ਼ਖਮੀ
Publish Date: Thu, 11 Dec 2025 07:06 PM (IST)
Updated Date: Thu, 11 Dec 2025 07:09 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ–ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਕਾਲਾ ਬੱਕਰਾ ਸਥਿਤ ਸਿਵਲ ਹਸਪਤਾਲ ਦੇ ਸਾਹਮਣੇ ਵੀਰਵਾਰ ਸਵੇਰੇ ਟਰਾਲੇ ਤੇ ਕਾਰ ਦੀ ਟੱਕਰ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਐੱਮਡੀ ਡਿਵਾਈਸ ਰਾਹੀਂ ਸਵੇਰੇ ਲਗਭਗ 11 ਵਜੇ ਹਾਦਸੇ ਬਾਰੇ ਸੂਚਨਾ ਮਿਲੀ। ਮੌਕੇ ’ਤੇ ਟੀਮ ਪਹੁੰਚੀ ਤਾਂ ਪਤਾ ਲੱਗਾ ਕਿ ਟਾਂਡੇ ਤੋਂ ਜਲੰਧਰ ਵੱਲ ਜਾ ਰਿਹਾ ਟਰਾਲਾ, ਜਿਸ ਨੂੰ ਹਰਜੀਤ ਸਿੰਘ ਵਾਸੀ ਪਿੰਡ ਮੇਤਲੇ (ਬਟਾਲਾ), ਚਲਾ ਰਿਹਾ ਸੀ, ਨੂੰ ਕਿਸੇ ਅਣਪਛਾਤੇ ਵਾਹਨ ਨੇ ਗਲਤ ਸਾਈਡ ਤੋਂ ਟੱਕਰ ਮਾਰੀ। ਇਸ ਕਾਰਨ ਟਰਾਲਾ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ ਗਿਆ ਤੇ ਸਾਹਮਣੇ ਤੋਂ ਆ ਰਹੀ ਕਾਰ, ਜਿਸ ਨੂੰ ਮਨਦੀਪ ਸਿੰਘ ਢਿੱਲੋਂ ਵਾਸੀ ਰਮਣੀਕ ਐਵੇਨਿਊ ਜਲੰਧਰ, ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਹਾਦਸੇ ’ਚ ਟਰਾਲਾ ਚਾਲਕ ਹਰਜੀਤ ਸਿੰਘ ਨੂੰ ਹਲਕੀਆਂ ਸੱਟਾਂ ਲੱਗੀਆਂ, ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਫਸਟ ਏਡ ਮੁਹੱਈਆ ਕਰਵਾਈ ਗਈ। ਟੀਮ ਨੇ ਟਰਾਲੇ ਨੂੰ ਡਿਵਾਈਡਰ ਤੋਂ ਹਟਾ ਕੇ ਟ੍ਰੈਫਿਕ ਨੂੰ ਦੁਬਾਰਾ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਸੜਕ ਸੁਰੱਖਿਆ ਫੋਰਸ ਵੱਲੋਂ ਹਾਦਸੇ ਬਾਰੇ ਪਚਰੰਗਾ ਚੌਂਕੀ ਨੂੰ ਸੂਚਿਤ ਕੀਤਾ ਗਿਆ ਤੇ ਪੂਰਾ ਮਾਮਲਾ ਚੌਕੀ ਇੰਚਾਰਜ ਐੱਚਸੀ ਜੋਰਾ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ।