ਪੰਜਾਬ ਸਰਕਾਰ ਸਮਾਜ ’ਚੋਂ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ : ਮਹਿੰਦਰ ਭਗਤ
ਯੁੱਧ ਨਸ਼ਿਆਂ ਵਿਰੁੱਧ ਕੈਬਨਿਟ ਮੰਤਰੀ ਨੇ ਸਿਧਾਰਥ ਨਗਰ ‘ਚ ਨਸ਼ਾ ਵਿਰੋਧੀ ਪੈਦਲ ਯਾਤਰਾ ਦੀ ਕੀਤੀ ਅਗਵਾਈ
Publish Date: Sat, 10 Jan 2026 09:55 PM (IST)
Updated Date: Sun, 11 Jan 2026 04:13 AM (IST)

* ਕੈਬਨਿਟ ਮੰਤਰੀ ਨੇ ਸਿਧਾਰਥ ਨਗਰ ’ਚ ਨਸ਼ਾ ਵਿਰੋਧੀ ਪੈਦਲ ਯਾਤਰਾ ਦੀ ਕੀਤੀ ਅਗਵਾਈ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸੂਬਾ ਸਰਕਾਰ ਦੀ ਪ੍ਰਮੁੱਖ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਸ਼ਨਿਚਰਵਾਰ ਨੂੰ ਜਲੰਧਰ ਵੈਸਟ ਅਧੀਨ ਆਉਂਦੇ ਵਾਰਡ ਨੰਬਰ 41 ਸਿਧਾਰਥ ਨਗਰ ਇਲਾਕੇ ’ਚ ਜਾਗਰੂਕਤਾ ਮਾਰਚ ਦੀ ਅਗਵਾਈ ਕੀਤੀ, ਜਿਸ ਦੌਰਾਨ ਨਿਵਾਸੀਆਂ ਤੱਕ ਪਹੁੰਚ ਕਰਕੇ ਨਸ਼ਾ ਵਿਰੋਧੀ ਮੁਹਿੰਮ ਦੇ ਦੂਜੇ ਪੜਾਅ ਦਾ ਸੰਦੇਸ਼ ਫੈਲਾਇਆ ਗਿਆ। ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਾਲ ਹੀ ’ਚ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕੀਤਾ ਜਾ ਸਕੇ ਤੇ ਇਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇਕ ਫੈਸਲਾਕੁੰਨ ਤੇ ਬਹੁ-ਪੱਖੀ ਜੰਗ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਦੂਜੇ ਪੜਾਅ ਦੇ ਨਾਲ ਇਹ ਲੜਾਈ ਇਕ ਲੋਕ ਲਹਿਰ ਬਣ ਗਈ ਹੈ। ਫਗਵਾੜਾ ਵਿਖੇ ਇਸ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਹੀ ਕਿਹਾ ਹੈ ਕਿ ਪੰਜਾਬ ਨੇ ਦੇਸ਼ ਨੂੰ ਦਿਖਾਇਆ ਹੈ ਕਿ ਨਸ਼ਿਆਂ ਵਿਰੁੱਧ ਅਸਲ ਜੰਗ ਕਿਵੇਂ ਲੜੀ ਜਾਂਦੀ ਹੈ , ਜਿਸ ਦੌਰਾਨ 28,000 ਕੇਸ ਦਰਜ ਕੀਤੇ ਗਏ ਹਨ ਤੇ 88 ਫੀਸਦੀ ਸਜ਼ਾ ਦਰ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਲਹਿਰ ਦੀ ਰੀੜ੍ਹ ਦੀ ਹੱਡੀ 1.50 ਲੱਖ ਵਿਲੇਜ ਡਿਫੈਂਸ ਕਮੇਟੀਆਂ ਦੇ ਵਲੰਟੀਅਰ ਹਨ, ਜੋ ਨਸ਼ਿਆਂ ਦੇ ਨੈੱਟਵਰਕ ਦੀ ਪਛਾਣ ਕਰਨ ਤੇ ਉਸ ਨੂੰ ਖਤਮ ਕਰਨ ’ਚ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਨ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੂਜਾ ਪੜਾਅ ਪਹਿਲੇ ਪੜਾਅ ਨਾਲੋਂ ਵਧੇਰੇ ਸਫਲ ਹੋਵੇਗਾ ਅਤ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇਗਾ। ਭਗਤ ਨੇ ਮਾਪਿਆਂ, ਨੌਜਵਾਨਾਂ ਤੇ ਸਮਾਜਿਕ ਸੰਗਠਨਾਂ ਨੂੰ ਪੰਜਾਬ ਲਈ ਨਸ਼ਾ ਮੁਕਤ ਤੇ ਸਿਹਤਮੰਦ ਭਵਿੱਖ ਯਕੀਨੀ ਬਣਾਉਣ ਲਈ ਇਸ ਇਤਿਹਾਸਕ ਲਹਿਰ ’ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਸ਼ਬਨਮ ਦੁੱਗਲ, ਜ਼ਿਲ੍ਹਾ ਮੀਡੀਆ ਇੰਚਾਰਜ ਸੰਜੀਵ ਭਗਤ, ਕੌਂਸਲਰ ਪਤੀ ਅਯੂਬ ਦੁੱਗਲ ਤੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਤੇ ਵਰਕਰ ਮੌਜੂਦ ਸਨ।