ਸੀਵਰੇਜ ਸਬੰਧੀ ਸਮੱਸਿਆਵਾਂ ਹੱਲ ਹੋਣਗੀਆਂ : ਮਹਿੰਦਰ ਭਗਤ
ਕੈਬਨਿਟ ਮੰਤਰੀ ਤੇ ਮੇਅਰ ਨੇ 42 ਲੱਖ ਰੁਪਏ ਦੇ ਸੀਵਰੇਜ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
Publish Date: Sat, 27 Dec 2025 08:48 PM (IST)
Updated Date: Sun, 28 Dec 2025 04:13 AM (IST)

ਕੈਬਨਿਟ ਮੰਤਰੀ ਤੇ ਮੇਅਰ ਨੇ ਸੀਵਰੇਜ ਪ੍ਰਾਜੈਕਟ ਦਾ ਰੱਖਿਆ ਨੀਂਹ-ਪੱਥਰ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਿਨੀਤ ਧੀਰ ਨੇ ਸ਼ਨਿੱਚਰਵਾਰ ਨੂੰ ਵਾਰਡ ਨੰਬਰ 40 ’ਚ ਪੈਂਦੀ ਮੇਜਰ ਕਾਲੋਨੀ ਤੇ ਦਸਮੇਸ਼ ਕਾਲੋਨੀ ’ਚ 42 ਲੱਖ ਰੁਪਏ ਦੇ ਨਵੇਂ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਦਾ ਉਦੇਸ਼ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਦਾ ਸਥਾਈ ਹੱਲ ਪ੍ਰਦਾਨ ਕਰਨਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਤੇ ਸ਼ਹਿਰੀ ਬੁਨਿਆਦੀ ਢਾਂਚਾ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿਤੈਸ਼ੀ ਪਹੁੰਚ ਅਪਣਾਈ ਹੈ ਤੇ ਜ਼ਮੀਨੀ ਪੱਧਰ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਭਗਤ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ’ਚ ਸ਼ਹਿਰ ਭਰ ’ਚ ਸੀਵਰੇਜ, ਸੜਕਾਂ ਤੇ ਪਾਣੀ ਦੀ ਸਪਲਾਈ ਨਾਲ ਸਬੰਧਤ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਸ਼ਹਿਰੀ ਬੁਨਿਆਦੀ ਢਾਂਚੇ ਤੇ ਨਾਗਰਿਕਾਂ ਦੀ ਸਹੂਲਤ ’ਚ ਵਾਧਾ ਕਰਨ ਕਈ ਵਿਕਾਸ ਪ੍ਰਾਜੈਕਟਾਂ ਨੂੰ ਸਰਗਰਮੀ ਨਾਲ ਸ਼ੁਰੂ ਕਰਨ ਲਈ ਜਲੰਧਰ ਨਗਰ ਨਿਗਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਤੇ ਗੁਣਵੱਤਾਪੂਰਨ ਢੰਗ ਨਾਲ ਪੂਰਾ ਕਰਨਾ ਨਗਰ ਨਿਗਮ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨ ਤੇ ਨਿਰਮਾਣ ਕਾਰਜਾਂ ’ਚ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਪਹਿਲਾਂ ਹੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਮਾਰੋਹ ਦੌਰਾਨ ਮੇਜਰ ਕਾਲੋਨੀ ਤੇ ਦਸਮੇਸ਼ ਕਾਲੋਨੀ ਦੇ ਵਸਨੀਕਾਂ ਨੇ ਕੈਬਨਿਟ ਮੰਤਰੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਇਲਾਕਾ ਕੌਂਸਲਰ ਅਜੇ ਬੱਬਲ, ਐਡਵੋਕੇਟ ਸੰਦੀਪ ਵਰਮਾ, ਮੇਜਰ ਸਿੰਘ, ਸੁਭਾਸ਼ ਗੋਰੀਆ ਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਮੌਜੂਦ ਸਨ।