ਥਬ ਬਲਾਓ ਅਕੈਡਮੀ ’ਚ ਕਰਵਾਇਆ ਬੈਲਟ ਟੈਸਟ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Wed, 28 Jan 2026 09:52 PM (IST)
Updated Date: Wed, 28 Jan 2026 09:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਥਬ ਬਲਾਓ ਕੁੰਗਫੂ ਅਕੈਡਮੀ ਜਲੰਧਰ ਵੱਲੋਂ ਖਿਡਾਰੀਆਂ ਦਾ ਬੈਲਟ ਟੈਸਟ ਪੂਰੇ ਅਨੁਸ਼ਾਸਨ ਤੇ ਖੇਡ ਮਾਹੌਲ ’ਚ ਕਰਵਾਇਆ ਗਿਆ। ਇਸ ’ਚ ਬੱਚਿਆਂ, ਨੌਜਵਾਨਾਂ ਤੇ ਕਿਸ਼ੋਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਬੈਲਟ ਟੈਸਟ ਦੌਰਾਨ ਖਿਡਾਰੀਆਂ ਦੀਆਂ ਮੂਲ ਤਕਨੀਕਾਂ ਤੇ ਸਵੈ-ਰੱਖਿਆ ਗੁਰਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਹਰ ਖਿਡਾਰੀ ਨੇ ਆਪਣੇ ਪੱਧਰ ਅਨੁਸਾਰ ਪ੍ਰਦਰਸ਼ਨ ਕਰਦਿਆਂ ਅਨੁਸ਼ਾਸਨ ਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਅਕੈਡਮੀ ਦੇ ਮਾਸਟਰ ਸੀਫ਼ੂ ਟੀ ਨਾਰਜ਼ਰੀ ਵੱਲੋਂ ਖਿਡਾਰੀਆਂ ਨੂੰ ਟੈਸਟ ਤੋਂ ਪਹਿਲਾਂ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਬੈਲਟ ਟੈਸਟ ਸੰਪੰਨ ਹੋਣ ਉਪਰੰਤ ਸਰਟੀਫਿਕੇਟ ਤੇ ਬੈਲਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ’ਚ ਯੋਗ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਦੇ ਸਨਮਾਨ ਵਜੋਂ ਨਵੀਂ ਬੈਲਟ ਤੇ ਪ੍ਰਮਾਣ ਪੱਤਰ ਦਿੱਤੇ ਗਏ ਗਏ। ਇਸ ਮੌਕੇ ਮਾਸਟਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਾਟੇ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਨਸ਼ਿਆਂ ਤੇ ਗਲਤ ਆਦਤਾਂ ਤੋਂ ਦੂਰ ਰਹਿ ਸਕਣ। ਅੰਤ ’ਚ ਅਕੈਡਮੀ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਮਾਪਿਆਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ। ਭਵਿੱਖ ਵਿਚ ਹੋਰ ਅਜਿਹੇ ਖੇਡ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ।