ਪੀੜਤ ਪਰਿਵਾਰ ਨਾਲ ਬਸਪਾ ਨੇ ਸਾਂਝਾ ਕੀਤਾ ਦੁੱਖ
ਮੰਦਭਾਗੀ ਘਟਨਾ ਦੀ ਸ਼ਿਕਾਰ ਹੋਈ ਨਾਬਾਲਿਗ ਲੜਕੀ ਦੇ ਪਰਿਵਾਰ ਨਾਲ ਬਸਪਾ ਨੇ ਦੁੱਖ ਸਾਂਝਾ ਕੀਤਾ
Publish Date: Mon, 24 Nov 2025 09:18 PM (IST)
Updated Date: Mon, 24 Nov 2025 09:19 PM (IST)

-ਬਸਪਾ ਪੀੜਤ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ’ਚ ਸ਼ਾਮਲ ਹੈ : ਡਾ. ਕਰੀਮਪੁਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਵੱਲੋਂ ਸੋਮਵਾਰ ਪਾਰਸ ਅਸਟੇਟ ਵਿਖੇ ਨਾਬਾਲਿਗ ਲੜਕੀ ਨਾਲ ਹੋਈ ਮੰਦਭਾਗੀ ਘਟਨਾ ਸਬੰਧੀ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਤੇ ਪੁੱਜੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਪੀੜਾ ਨੂੰ ਸਮਝਦਿਆਂ ਬਸਪਾ ਪਰਿਵਾਰ ਕੋਲ ਦੁੱਖ ਵੰਡਾਉਣ ਪੁੱਜੀ ਹੈ। ਉਨ੍ਹਾਂ ਕਿਹਾ ਕਿ ਬਸਪਾ ਪਰਿਵਾਰ ਦੇ ਨਾਲ ਦੁੱਖ ਦੀ ਇਸ ਘੜੀ ’ਚ ਖੜ੍ਹੀ ਹੈ ਤੇ ਇਨਸਾਫ਼ ਲਈ ਪਰਿਵਾਰ ਦਾ ਡਟ ਕੇ ਸਾਥ ਦੇਵੇਗੀ। ਇਸ ਕੇਸ ਨੂੰ ਫਾਸਟ ਟਰੈਕ ਕੋਰਟ ’ਚ ਲਾ ਕੇ ਮੁਲਜ਼ਮ ਨੂੰ ਛੇਤੀ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਰਿਵਾਰ ਤੇ ਘਟਨਾ ਵਾਲੇ ਦਿਨ ਮੌਜੂਦ ਲੋਕਾਂ ਵੱਲੋਂ ਪੁਲਿਸ ਦੀ ਭੂਮਿਕਾ ਦੀ ਗੱਲ ਕੀਤੀ ਜਾ ਰਹੀ ਹੈ, ਇਸ ਲਈ ਅਸਲ ਚ ਸੂਬੇ ਦੀ ਮੌਜੂਦਾ ਆਪ ਸਰਕਾਰ ਦਾ ਪ੍ਰਬੰਧ ਜ਼ਿਆਦਾ ਜ਼ਿੰਮੇਵਾਰ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਚ ਸੂਬੇ ਦੇ ਮਾੜੇ ਹੋ ਚੁੱਕੇ ਹਾਲਾਤ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵੱਲੋਂ ਪੂਰੀ ਤਰ੍ਹਾਂ ਪੁਲਿਸ ਰਾਹੀਂ ਹੀ ਆਪਣਾ ਕੰਮ ਚਲਾਇਆ ਜਾ ਰਿਹਾ ਹੈ ਤੇ ਮੁਲਾਜ਼ਮਾਂ ਤੋਂ ਲੈ ਕੇ ਅਫ਼ਸਰਾਂ ਤੱਕ ਨੂੰ ਜ਼ਿਆਦਾਤਰ ਸਿਆਸੀ ਨਜ਼ਰੀਏ ਨਾਲ ਕੀਤੇ ਜਾਣ ਵਾਲੇ ਕੰਮਾਂ ਲਈ ਹੀ ਉਲਝਾ ਕੇ ਰੱਖਿਆ ਜਾਂਦਾ ਹੈ। ਇਸ ਕਰਕੇ ਆਮ ਲੋਕਾਂ ਦੇ ਮਸਲਿਆਂ ਚ ਸਮੇਂ ਸਿਰ ਕਾਰਵਾਈ ਕਰਨੀ ਤੇ ਉਨ੍ਹਾਂ ਨੂੰ ਸੰਜੀਦਗੀ ਨਾਲ ਸਮਝਣਾ ਪੁਲਿਸ ਦੇ ਕੰਮਕਾਜ ਤੋਂ ਹੀ ਬਾਹਰ ਹੋ ਗਿਆ ਹੈ। ਸੱਤਾਧਾਰੀ ਆਪ ਨੇ ਖੁਦ ਦੇ ਕੰਮਾਂ ਨੂੰ ਹੀ ਪੁਲਿਸ ਦਾ ਮੁੱਖ ਕੰਮ ਬਣਾ ਦਿੱਤਾ ਹੈ। ਇਸ ਤਰ੍ਹਾਂ ਦੇ ਨਿਜ਼ਾਮ ’ਚ ਸੁਧਾਰ ਬਹੁਤ ਜ਼ਰੂਰੀ ਹੈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸੱਕਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬਸਪਾ ਦੇ ਸੂਬਾ ਸਕੱਤਰ ਇੰਜੀਨੀਅਰ ਜਸਵੰਤ ਰਾਏ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਵਿਧਾਨ ਸਭਾ ਹਲਕਾ ਜਲੰਧਰ ਵੈਸਟ ਦੇ ਇੰਚਾਰਜ ਐਡਵੋਕੇਟ ਪ੍ਰਿਤਪਾਲ, ਕੌਂਸਲਰ ਦਵਿੰਦਰ ਗੋਗਾ, ਬਸਪਾ ਆਗੂ ਵਿਜੇ ਯਾਦਵ, ਬਲਜੀਤ ਮਿੱਠੂ ਬਸਤੀ, ਕਰਮ ਚੰਦ, ਕੁਲਦੀਪ ਬੰਗੜ, ਮਨੀ ਸਹੋਤਾ, ਕਰਨੈਲ ਟਿੰਕੂ ਮਿੱਠੂ ਬਸਤੀ ਵੀ ਹਾਜ਼ਰ ਸਨ।