ਪੁਲਿਸ ਨੂੰ ਛੇ ਲੋਕਾਂ ਦੇ ਪਤੇ ਤੇ ਪਛਾਣ ਸਬੰਧੀ ਜਾਂਚ ਦੌਰਾਨ ਜ਼ੀਰਕਪੁਰ ਤੋਂ ਦੋ ਹੋਰ ਲੋਕਾਂ ਨੂੰ ਫੜਨ ’ਚ ਸਫਲਤਾ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਸ ਕਾਰਨ ਦੋ ਹੋਰ ਲੋਕਾਂ ਨੂੰ ਫੜ ਲਿਆ ਗਿਆ ਹੈ, ਜਿਨ੍ਹਾਂ ਕਿਸੇ ਨਾ ਕਿਸੇ ਰੂਪ ’ਚ ਗ੍ਰਿਫਤਾਰ ਮੁਲਜ਼ਮਾਂ ਦੀ ਮਦਦ ਕੀਤੀ ਸੀ।

ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਬੀਐੱਸਐੱਫ ਚੌਕ ਨੇੜੇ ਬੀਤੇ ਦਿਨੀਂ ਹੋਏ ਆਈਈਡੀ ਧਮਾਕੇ ਦੀ ਜਾਂਚ ਪੰਜਾਬ ਦੇ ਬਾਹਰ ਤੱਕ ਪੁੱਜ ਗਈ ਹੈ। ਮਾਮਲੇ ਦੀ ਡੂੰਘਾਈ ’ਚ ਜਾਣ ਲਈ ਜਲੰਧਰ ਪੁਲਿਸ ਦੀਆਂ ਟੀਮਾਂ ਜ਼ੀਰਕਪੁਰ, ਦਿੱਲੀ ਤੇ ਹੋਰ ਸਥਾਨਾਂ 'ਤੇ ਲਗਾਤਾਰ ਛਾਪੇ ਮਾਰ ਰਹੀਆਂ ਹਨ। ਪੁਲਿਸ ਨੂੰ ਛੇ ਲੋਕਾਂ ਦੇ ਪਤੇ ਤੇ ਪਛਾਣ ਸਬੰਧੀ ਜਾਂਚ ਦੌਰਾਨ ਜ਼ੀਰਕਪੁਰ ਤੋਂ ਦੋ ਹੋਰ ਲੋਕਾਂ ਨੂੰ ਫੜਨ ’ਚ ਸਫਲਤਾ ਮਿਲੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਸ ਕਾਰਨ ਦੋ ਹੋਰ ਲੋਕਾਂ ਨੂੰ ਫੜ ਲਿਆ ਗਿਆ ਹੈ, ਜਿਨ੍ਹਾਂ ਕਿਸੇ ਨਾ ਕਿਸੇ ਰੂਪ ’ਚ ਗ੍ਰਿਫਤਾਰ ਮੁਲਜ਼ਮਾਂ ਦੀ ਮਦਦ ਕੀਤੀ ਸੀ। ਇਨ੍ਹਾਂ ’ਚ ਜ਼ੀਰਕਪੁਰ ਤੇ ਦਿੱਲੀ ਦੇ ਤਿੰਨ ਲੋਕਾਂ ਦੇ ਨਾਮ ਪ੍ਰਮੁੱਖ ਤੌਰ 'ਤੇ ਸਾਹਮਣੇ ਆਏ ਹਨ। ਹਾਲਾਂਕਿ ਪੁਲਿਸ ਨੇ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ ਇਹ ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਕੁਝ ਹੋਰ ਲੋਕਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ।
ਜਾਂਚ ’ਚ ਸਾਹਮਣੇ ਆਏ ਨਾਮ, ਚਾਰ ਹੋਰਾਂ ਦੀ ਭਾਲ
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਅਜਿਹੇ ਲੋਕਾਂ ਦੇ ਨਾਮ ਦੱਸੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰਹਿਣ ਦੀ ਜਗ੍ਹਾ, ਸਿਮ ਕਾਰਡ, ਵਾਹਨ ਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਸੀ। ਛੇ ਲੋਕਾਂ ਦੇ ਨਾਮ ਸਾਹਮਣੇ ਆਉਣ 'ਤੇ ਪੁਲਿਸ ਨੇ ਲਗਾਤਾਰ ਛਾਪੇ ਮਾਰੇ ਤੇ ਦੋ ਲੋਕਾਂ ਨੂੰ ਫੜ ਲਿਆ ਹੈ। ਇਸ ਦੌਰਾਨ ਬਾਕੀ ਲੋਕਾਂ ਦੀ ਪੁਲਿਸ ਪਛਾਣ ਕਰਨ ’ਚ ਲੱਗੀ ਹੋਈ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਸ਼ੱਕੀਆਂ ਨੇ ਮੁਲਜ਼ਮਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਅਤੇ ਵਾਰਦਾਤ ਮਗਰੋਂ ਭੱਜਣ ’ਚ ਮਦਦ ਕੀਤੀ ਸੀ। ਇਸੇ ਆਧਾਰ 'ਤੇ ਜਲੰਧਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜ਼ੀਰਕਪੁਰ, ਦਿੱਲੀ ਤੇ ਹੋਰ ਸ਼ਹਿਰਾਂ ’ਚ ਪੁੱਜੀਆਂ ਤੇ ਕਈ ਥਾਈਂ ਛਾਪੇ ਮਾਰੇ।
ਕੀ ਸੀ ਪੂਰਾ ਮਾਮਲਾ
ਪਿਛਲੇ ਦਿਨੀਂ ਜਲੰਧਰ ਦੇ ਬੀਐੱਸਐੱਫ ਚੌਕ ਨੇੜੇ ਰਾਤ ਸਮੇਂ ਇਕ ਆਈਈਡੀ ਧਮਾਕਾ ਹੋਇਆ ਸੀ। ਧਮਾਕਾ ਬੀਐੱਸਐੱਫ ਹੈੱਡਕੁਆਰਟਰ ਨੇੜੇ ਹੋਇਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੇ ਪੁਲਿਸ ’ਚ ਹਫੜਾ-ਦਫੜੀ ਮਚ ਗਈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪਹਿਲਾਂ ਤੋਂ ਪੂਰੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਾਂਚ ਦੌਰਾਨ ਪੁਲਿਸ ਨੇ ਉਮਰਦੀਨ ਖਾਨ ਤੇ ਅਨਿਲ ਸ਼ਰਮਾ ਨਾਮਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਤੇ ਗੈਂਗਸਟਰ ਨੈੱਟਵਰਕ ਜ਼ਰੀਏ ਸੰਪਰਕ ’ਚ ਆਏ ਸਨ। ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਧਮਾਕੇ ’ਚ ਵਰਤੇ ਗਏ ਆਈਈਡੀ ਤੇ ਹੋਰ ਤਕਨੀਕੀ ਮਦਦ ਬਾਰਡਰ ਪਾਰ ਤੋਂ ਜੁੜੇ ਨੈੱਟਵਰਕ ਜ਼ਰੀਏ ਪ੍ਰਦਾਨ ਕੀਤੀ ਗਈ ਸੀ। ਹੁਣ ਪੁਲਿਸ ਉਸ ਵਿਅਕਤੀ ਦੀ ਭਾਲ ’ਚ ਹੈ, ਜਿਸ ਨੇ ਆਈਈਡੀ ਨੂੰ ਪੰਜਾਬ ਤੱਕ ਪਹੁੰਚਾਉਣ ਤੇ ਮੁਲਜ਼ਮਾਂ ਤੱਕ ਸਪਲਾਈ ਕਰਨ ’ਚ ਭੂਮਿਕਾ ਨਿਭਾਈ।