ਕੇਐੱਮਵੀ ਦਾ ਬੁੱਕ ਬੈਂਕ ਵੰਡ ਰਿਹੈ ਮੁਫ਼ਤ ਕਿਤਾਬਾਂ
ਕੇਐਮਵੀ ਦਾ ਬੁੱਕ ਬੈਂਕ ਵਿਦਿਆਰਥਣਾਂ ਨੂੰ ਵੰਡ ਰਿਹੈ ਮੁਫ਼ਤ ਕਿਤਾਬਾਂ
Publish Date: Wed, 21 Jan 2026 06:19 PM (IST)
Updated Date: Wed, 21 Jan 2026 06:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਾ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਕਾਲਜ ਕੈਂਪਸ ਦੇ ਵਿਚ ਲੋੜਵੰਦ ਵਿਦਿਆਰਥਣਾਂ ਲਈ ਮੁਫ਼ਤ ਬੁੱਕ ਬੈਂਕ ਚਲਾਇਆ ਜਾ ਰਿਹਾ ਹੈ। ਬੁੱਕ ਬੈਂਕ ਵੱਲੋਂ ਹਰ ਸਮੈਸਟਰ ’ਚ ਵਿਦਿਆਰਥਣਾਂ ਦੀ ਸਹੂਲਤ ਲਈ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਲੋੜ ਅਨੁਸਾਰ ਮੁਫਤ ’ਚ ਵੰਡੀਆਂ ਜਾਂਦੀਆਂ ਹਨ। ਇਸ ਸਮੈਸਟਰ ਦੌਰਾਨ ਹੁਣ ਤੱਕ 500 ਤੋਂ ਵੀ ਵੱਧ ਪੁਸਤਕਾਂ ਵੰਡੀਆਂ ਜਾ ਚੁਕੀਆਂ ਹਨ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੰਨਿਆ ਮਹਾਵਿਦਿਆਲਾ ਦੇ ਬੁੱਕ ਬੈਂਕ ਦੇ ਅੰਤਰਗਤ ਵਿਦਿਆਰਥਣਾਂ ਦੁਆਰਾ ਆਪਣੀਆਂ ਪਿਛਲੀਆਂ ਜਮਾਤਾਂ ਦੇ ਸਿਲੇਬਸ ਨਾਲ ਸਬੰਧਤ ਬੁੱਕ ਬੈਂਕ ਵਿਚ ਜਮ੍ਹਾਂ ਕਰਵਾਈਆਂ ਗਈਆਂ ਪੁਸਤਕਾਂ ਨੂੰ ਲੋੜਵੰਦ ਵਿਦਿਆਰਥਣਾਂ ਵੱਲੋਂ ਪ੍ਰਾਪਤ ਕਰਕੇ ਆਪਣੀ ਸਿੱਖਿਆ ਨਿਰਵਿਘਨ ਜਾਰੀ ਰੱਖੀ ਜਾ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਸਫਲ ਪਹਿਲਕਦਮੀ ਨਾਲ ਜਿੱਥੇ ਵਿਦਿਆਰਥੀ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੁੰਦੇ ਹਨ ਉਥੇ ਨਾਲ ਹੀ ਉਹਨਾਂ ਵਿੱਚ ਆਪਸੀ ਸਾਂਝ ਦੀ ਭਾਵਨਾ ਵੀ ਸਹਿਜੇ ਪੈਦਾ ਕੀਤੀ ਜਾ ਸਕਦੀ ਹੈ। ਵਿਦਿਆਰਥਣਾਂ ਦੁਆਰਾ ਵੱਖ-ਵੱਖ ਵਿਸ਼ਿਆਂ ਜਿਵੇਂ ਅੰਗਰੇਜ਼ੀ, ਇਤਿਹਾਸ, ਕੈਮਿਸਟਰੀ, ਫਿਜਿਕਸ, ਪੰਜਾਬੀ, ਹਿੰਦੀ, ਪੁਲੀਟੀਕਲ ਸਾਇੰਸ, ਇਕਨਾਮਿਕਸ, ਗਣਿਤ ਆਦਿ ਦੀਆਂ ਕਿਤਾਬਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ ਪ੍ਰੋਗਰਾਮ ਲਈ ਡਾ. ਮਧੂਮੀਤ, ਡੀਨ ਸਟੂਡੈਂਟ ਵੈੱਲਫੇਅਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।