ਬਾਲੀਵੁੱਡ ਸਟਾਰ ਧਰਮਿੰਦਰ ਨੇ ਆਪਣਾ 79 ਜਨਮ ਦਿਨ ਮਨਾਇਆ ਸੀ
ਬਾਲੀਵੁੱਡ ਸਟਾਰ ਧਰਮਿੰਦਰ ਨੇ ਆਪਣਾ 79 ਜਨਮ ਦਿਨ ਮਨਾਇਆ ਸੀ
Publish Date: Mon, 24 Nov 2025 10:29 PM (IST)
Updated Date: Mon, 24 Nov 2025 10:31 PM (IST)

ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਭਾਰਤੀ ਸਿਨੇਮਾ ਦੇ ਸਦਾਬਹਾਰ ਕਲਾਕਾਰ ਤੇ ਪੰਜਾਬ ਦੇ ਪੁੱਤਰ ਵਜੋਂ ਜਾਣੇ ਜਾਂਦੇ ਧਰਮਿੰਦਰ ਸਿੰਘ ਦਿਓਲ ਨੇ ਆਪਣਾ 79ਵਾਂ ਜਨਮ ਦਿਨ ਕਰਤਾਰਪੁਰ ਦੇ ਵਪਾਰਕ ਘਰਾਨੇ ਗੁਪਤਾ ਪਰਿਵਾਰ ਨਾਲ ਮਨਾਇਆ ਸੀ। ਅੱਜ ਜਦੋਂ ਭਾਰਤੀ ਸਿਨੇਮਾ ਤੇ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਤਾਂ ਗੁਪਤਾ ਪਰਿਵਾਰ ਦੀਆਂ ਅੱਖਾਂ ਨਮ ਸਨ। ਇਸ ਮੌਕੇ ਮਿਅੰਕ ਗੁਪਤਾ ਨੇ ਧਰਮਿੰਦਰ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਹੋਇਆਂ ਦੱਸਿਆ ਕਿ ਜਦੋਂ ਉਹ ਆਪਣੀ ਫਿਲਮ ਸੈਕਿੰਡ ਹੈਂਡ ਹਸਬੈਂਡ ਦੀ ਸ਼ੂਟਿੰਗ ਕਰਨ ਆਏ ਸਨ ਤਾਂ ਉਨ੍ਹਾਂ ਨੇ ਆਪਣਾ 79ਵਾਂ ਜਨਮ ਦਿਨ ਸਾਡੇ ਨਾਲ ਸਾਡੇ ਘਰ ਮਨਾਇਆ ਸੀ ਤੇ ਉਨ੍ਹਾਂ ਨੇ ਉਸ ਵੇਲੇ ਸਾਨੂੰ ਕਿਹਾ ਸੀ ਕਿ ਉਹ ਇਸ ਮੌਕੇ ਬਹੁਤ ਭਾਵਕ ਹਨ ਕਿਉਂਕਿ ਉਹ ਤਕਰੀਬਨ 55 ਸਾਲਾਂ ਬਾਅਦ ਆਪਣਾ ਜਨਮ ਦਿਨ ਆਪਣੀ ਜਨਮ ਭੂਮੀ ’ਤੇ ਮਨਾ ਰਿਹਾ ਹੈ, ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਇਸ ਮੌਕੇ ਵੀਨੂ ਗੁਪਤਾ ਪਤਨੀ ਮਿਅੰਕ ਗੁਪਤਾ ਨੇ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਇਆਂ ਕਿਹਾ ਕਿ ਧਰਮਿੰਦਰ ਸਿੰਘ ਦਿਓਲ ਜਦੋਂ ਵੀ ਸ਼ੂਟਿੰਗ ਦੌਰਾਨ ਸਾਡੇ ਘਰ ਆਉਂਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਇਹੀ ਕਹਿੰਦੇ ਸਨ ਕਿ ਉਹ ਤਾਂ ਉਸ ਦੀ ਧੀਆਂ ਵਰਗੀ ਤੇ ਉਸ ਨੂੰ ਚਾਹ ਬਣਾ ਕੇ ਪਿਲਾ ਸੌਂਫ ਵਾਲੀ ਤੇ ਬਰਫੀ ਖਵਾਈ। ਬਰਫੀ ਉਹ ਪੂਰੀ ਰੀਜ ਨਾਲ ਖਾਂਦੇ ਸਨ। ਹੁਣ ਵੀ ਜਦੋਂ ਸਾਡੇ ਘਰ ਬਰਫੀ ਆਉਂਦੀ ਹੈ ਤਾਂ ਸਾਡੇ ਸਾਰੇ ਘਰ ਦੇ ਧਰਮਿੰਦਰ ਨੂੰ ਯਾਦ ਕਰਦੇ ਹਨ। ਸੂਝਵਾਨ ਐਕਟਰ ਸਨ। ਉਹ ਬਹੁਤ ਹੀ ਮਿਲਾਪੜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਹੋਇਆਂ ਆਪਣੇ ਬਚਪਨ ਦੀਆਂ ਸਾਨੂੰ ਕਈ ਗੱਲਾਂ ਦੱਸੀਆਂ ਸਨ। ਇਸ ਮੌਕੇ ਗੁਪਤਾ ਪਰਿਵਾਰ ਨੇ ਕਿਹਾ ਕਿ ਧਰਮਿੰਦਰ ਸਿੰਘ ਦਿਓਲ ਦੀ ਆਤਮਿਕ ਸ਼ਾਂਤੀ ਲਈ ਉਹ ਪਰਮਾਤਮਾ ਦੇ ਚਰਨਾਂ ’ਚ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ।