ਬਿਜਲੀ ਦਾ ਖੰਭਾ ਲਾਉਣ ਨੂੰ ਲੈ ਕੇ ਖ਼ੂਨੀ ਝੜਪ, ਨੌਜਵਾਨ ਦਾ ਕੰਨ ਕੱਟਿਆ
ਬਿਜਲੀ ਦਾ ਖੰਭਾ ਲਗਾਉਣ ਨੂੰ ਲੈ ਕੇ ਖੂਨੀ ਝੜਪ, ਨੌਜਵਾਨ ਦਾ ਕੰਨ ਕੱਟਿਆ
Publish Date: Wed, 31 Dec 2025 07:51 PM (IST)
Updated Date: Thu, 01 Jan 2026 04:08 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੱਛਮੀ ਵਿਧਾਨ ਸਭਾ ਹਲਕੇ ’ਚ ਅਪਰਾਧਿਕ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਵਾਪਰੀ, ਜਿੱਥੇ ਇਕ ਨਾਲੇ ਨੇੜੇ ਬਿਜਲੀ ਦਾ ਖੰਭਾ ਲਾਉਣ ਨੂੰ ਲੈ ਕੇ ਹੋਇਆ ਝਗੜਾ ਹਿੰਸਕ ਹੋ ਗਿਆ। ਸ਼ੁਰੂ ’ਚ ਠੇਕੇਦਾਰ ਦੇ ਕਰਮਚਾਰੀਆਂ ਤੇ ਸਥਾਨਕ ਵਾਸੀਆਂ ਵਿਚਕਾਰ ਖੰਭਾ ਲਗਾਉਣ ਤੇ ਫੁੱਟਰੈਸਟ ਲਗਾਉਣ ਨੂੰ ਲੈ ਕੇ ਬਹਿਸ ਹੋਈ, ਜੋ ਜਲਦੀ ਗੰਭੀਰ ਲੜਾਈ ’ਚ ਬਦਲ ਗਈ। ਦੋਸ਼ ਲਾਇਆ ਜਾ ਰਿਹਾ ਹੈ ਕਿ ਝਗੜੇ ਦੌਰਾਨ ਦੋ ਤੋਂ ਤਿੰਨ ਲੋਕਾਂ ਨੇ ਇਕ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦਾ ਕੰਨ ਵੱਢ ਦਿੱਤਾ ਗਿਆ। ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸੈਕਰਡ ਹਾਰਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਲਾਂਕਿ, ਉਸ ਦੀ ਹਾਲਤ ਨਾਜ਼ੁਕ ਬਣੀ ਰਹੀ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।