ਬਲਾਕ ਸੰਮਤੀ ਮੈਂਬਰ ਨਰਿੰਦਰ ਕੌਰ ਦਾ ਸੀਚੇਵਾਲ ਪੁੱਜਣ ’ਤੇ ਭਰਵਾਂ ਸਵਾਗਤ
ਬਲਾਕ ਸੰਮਤੀ ਮੈਂਬਰ ਨਰਿੰਦਰ ਕੌਰ ਦਾ ਸੀਚੇਵਾਲ ਪੁੱਜਣ ’ਤੇ ਭਰਵਾਂ ਸਵਾਗਤ
Publish Date: Fri, 19 Dec 2025 09:23 PM (IST)
Updated Date: Sat, 20 Dec 2025 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ- ਬਲਾਕ ਸੰਮਤੀ ਲੋਹੀਆਂ ਖਾਸ ਦੇ ਜ਼ੋਨ 14 ਰੂਪੇਵਾਲ ਤੋਂ ਆਜ਼ਾਦ ਉਮੀਦਵਾਰ ਨਰਿੰਦਰ ਕੌਰ ਸੀਚੇਵਾਲ ਪਤਨੀ ਟੇਕ ਸਿੰਘ ਵੱਡੀ ਲੀਡ ਨਾਲ ਜੇਤੂ ਰਹੇ। ਪਿੰਡ ਸੀਚੇਵਾਲ ਪਹੁੰਚਣ ’ਤੇ ਸਮੂਹ ਨਗਰ ਨਿਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਨਰਿੰਦਰ ਕੌਰ ਸੀਚੇਵਾਲ ਨੇ ਜ਼ੋਨ ਨੰਬਰ 14 ਅਧੀਨ ਆਉਂਦੇ ਸਾਰੇ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿੱਤ ਦੁਆਈ ਹੈ, ਜਿਸ ਲਈ ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਉਹ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਲਈ ਹੰਭਲਾ ਮਾਰਨਗੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੋਟਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ, ਇਸੇ ਤਰ੍ਹਾਂ ਹੀ ਉਹ ਵੀ ਹਰ ਸਮੇਂ ਵੋਟਰਾਂ ਦੇ ਦੁੱਖ-ਸੁੱਖ ’ਚ ਹਾਜ਼ਰ ਰਹਿਣਗੇ। ਉਨ੍ਹਾਂ ਸਹਿਯੋਗ ਕਰਨ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਜਸਪਾਲ ਸਿੰਘ, ਵਾਇਸ ਚੇਅਰਮੈਨ ਹਰਜਿੰਦਰ ਸਿੰਘ ਮਠਾੜੂ, ਸਰਪੰਚ ਬੂਟਾ ਸਿੰਘ ਸੀਚੇਵਾਲ, ਲੰਬੜਦਾਰ ਨਿਰਮਲ ਸਿੰਘ, ਮਨਜੀਤ ਸਿੰਘ ਰੂਪੇਵਾਲ, ਕੇਵਲ ਸਿੰਘ ਰੂਪੇਵਾਲ, ਪਿਆਰਾ ਸਿੰਘ ਤੋਂ ਇਲਾਵਾ ਸਮੂਹ ਸੀਚੇਵਾਲ ਨਿਵਾਸੀਆਂ ਨੇ ਨਰਿੰਦਰ ਕੌਰ ਸੀਚੇਵਾਲ ਨੂੰ ਵਧਾਈਆਂ ਦਿੱਤੀਆਂ ਤੇ ਜਿੱਤ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।