ਬੰਦ ਕਮਰੇ ’ਚ ਭਾਜਪਾ ਦੇ ਦੋ ਸਾਬਕਾ ਵਿਧਾਇਕਾਂ ’ਚ ਖੜ੍ਹੀ, ਚੜ੍ਹਿਆ ਸਿਆਸੀ ਪਾਰਾ
ਜਾਸ, ਜਲੰਧਰ : ਸ਼ਹਿਰ
Publish Date: Thu, 08 Jan 2026 09:54 PM (IST)
Updated Date: Thu, 08 Jan 2026 09:57 PM (IST)

ਜਾਸ, ਜਲੰਧਰ : ਸ਼ਹਿਰ ’ਚ ਹੱਡ ਚੀਰਵੀਂ ਠੰਡੀ ਹੋਣ ਦੇ ਬਾਵਜੂਦ ਇਸ ਵੇਲੇ ਜਲੰਧਰ ਭਾਜਪਾ ’ਚ ਅੰਦਰੋਂ ਲੈ ਕੇ ਬਾਹਰ ਤੱਕ ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇਕ ਪਾਸੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਦੇ ਅੰਦਰ ਸਿਆਸੀ ਤੂਫਾਨ ਮਚਿਆ ਹੋਇਆ ਹੈ। ਬਹੁਤ ਸਾਰੇ ਲੀਡਰ ਕੁਰਸੀ ਦੀ ਲਾਲਸਾ ’ਚ ਇਕ-ਦੂਜੇ ਦੀ ਲੱਤ ਖਿੱਚਣ ਤੇ ਆਪਣੀਆਂ ਗੋਟੀਆਂ ਫਿਟ ਕਰਨ ’ਚ ਲੱਗੇ ਹੋਏ ਹਨ। ਇੱਥੇ ਤੱਕ ਕਿ ਪ੍ਰਧਾਨ ਦੀ ਕੁਰਸੀ ਦੇ ਚਾਹਵਾਨ ਆਪਣੇ ਸਾਥੀਆਂ ਰਾਹੀਂ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਦੇ ਗਲਿਆਰਿਆਂ ਤੱਕ ਲਿੰਕ ਜੋੜਨ ’ਚ ਮਸ਼ਰੂਫ ਹਨ। ਦੂਜੇ ਪਾਸੇ, ਮੰਗਲਵਾਰ ਸ਼ਾਮ ਨੂੰ ਸਰਕਟ ਹਾਊਸ ’ਚ ਪਾਰਟੀ ਦੇ ਦੋ ਸਾਬਕਾ ਵਿਧਾਇਕਾਂ ਵਿਚਾਲੇ ਹੋਈ ਘਮਾਸਾਨ ਮਗਰੋਂ ਸ਼ਹਿਰ ਵਿਚ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਭਾਜਪਾ ਤੋਂ ਲੈ ਕੇ ਵਿਰੋਧੀ ਪਾਰਟੀ ਦੇ ਲੋਕ ਵੀ ਇਸ ਲੜਾਈ ’ਚ ਸੁਆਦ ਲੈਣ ’ਚ ਲੱਗੇ ਹੋਏ ਹਨ। ਅਸਲ ਵਿਚ, ਵੀਰਵਾਰ ਦੁਪਹਿਰ ਨੂੰ ਜਲੰਧਰ ਕੈਂਟ ਹਲਕੇ ਦੇ ਪਿੰਡ ਫੋਲਡੀਵਾਲ ’ਚ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਭਾਜਪਾ ਦੀ ਸੱਥ ਦੀਆਂ ਤਿਆਰੀਆਂ ਬਾਰੇ ਦੋ ਦਿਨ ਪਹਿਲਾਂ ਸਰਕਟ ਹਾਊਸ ’ਚ ਪਾਰਟੀ ਦੇ ਲੀਡਰਾਂ ਦੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਮਗਰੋਂ ਕੁਝ ਸੀਨੀਅਰ ਲੀਡਰ ਚਰਚਾ ਲਈ ਇਕ ਬੰਦ ਕਮਰੇ ’ਚ ਬੈਠੇ ਸਨ। ਇਸ ਦੌਰਾਨ ਕੈਂਟ ਹਲਕੇ ਦੇ ਇਕ ਮੰਡਲ ਪ੍ਰਧਾਨ ਦੇ ਬਿਆਨ ’ਤੇ ਕੈਂਟ ਹਲਕੇ ਤੋਂ ਅਕਸਰ ਚਰਚਾ ’ਚ ਰਹਿਣ ਵਾਲੇ ਸਾਬਕਾ ਵਿਧਾਇਕ ਨੇ ਇਤਰਾਜ਼ ਪ੍ਰਗਟਾਇਆ। ਮੰਡਲ ਪ੍ਰਧਾਨ ਦੀਆਂ ਗੱਲਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਤੋਂ ਦਖਲਅੰਦਾਜ਼ੀ ਕਰਨ ਦੀ ਗੱਲ ਕਰਦਿਆਂ ਉਹ ਬੋਲਣ ਲੱਗੇ। ਕੁਝ ਮੰਦਾ ਬੋਲਣ ’ਤੇ ਆਪਣੇ ਤਲਖ਼ ਤੇਵਰ ਲਈ ਜਾਣੇ ਜਾਣ ਵਾਲੇ ਦੂਜੇ ਸਾਬਕਾ ਵਿਧਾਇਕ ਨੇ ਜ਼ਿਲ੍ਹਾ ਪ੍ਰਧਾਨ ਨੂੰ ਭਲਾ-ਬੁਰਾ ਕਹਿਣ ’ਤੇ ਸਾਬਕਾ ਵਿਧਾਇਕ ’ਤੇ ਟਿੱਪਣੀ ਕੀਤੀ। ਫਿਰ ਕੀ ਸੀ ਮੰਡਲ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਨੂੰ ਛੱਡ ਕੇ ਦੋਵੇਂ ਸਾਬਕਾ ਵਿਧਾਇਕ ਆਪਸ ਵਿਚ ਹੀ ਦੋ-ਦੋ ਹੱਥ ਕਰਨ ’ਤੇ ਉਤਾਰੂ ਹੋ ਗਏ। ਗੱਲਾਂ ਕਈ ਤਰ੍ਹਾਂ ਦੀਆਂ ਬਾਹਰ ਆਈਆਂ, ਇਕ ਸਾਬਕਾ ਵਿਧਾਇਕ ਨੇ ਦੂਜੇ ’ਤੇ ਚਾਹ ਦਾ ਕੱਪ ਸੁੱਟ ਦਿੱਤਾ ਤਾਂ ਜਵਾਬ ਵਿਚ ਦੂਜੇ ਸਾਬਕਾ ਵਿਧਾਇਕ ਨੇ ਕਮਰੇ ’ਚ ਰੱਖੀ ਕੁਰਸੀ ਹੀ ਚੁੱਕ ਲਈ। ਦੋਵਾਂ ਵਿਚਾਲੇ ਗਾਲੀ-ਗਲੋਚ ਮਗਰੋਂ ਨੌਬਤ ਹੱਥੋਪਾਈ ਤੱਕ ਆ ਗਈ। ਇਸ ਦੌਰਾਨ ਰੌਲਾ ਇੰਨਾ ਵੱਧ ਗਿਆ ਕਿ ਕਿਸੇ ਤਰ੍ਹਾਂ ਦੀ ਅਣਕਿਆਸੀ ਘਟਨਾ ਨਾ ਵਾਪਰ ਜਾਵੇ ਇਸ ਲਈ ਦੋਵਾਂ ਸਾਬਕਾ ਵਿਧਾਇਕਾਂ ਦੇ ਗੰਨਮੈਨਾਂ ਨੂੰ ਕਮਰੇ ’ਚ ਜਾਣਾ ਪਿਆ। ਫਿਰ ਜਾ ਕੇ ਮਾਮਲਾ ਸ਼ਾਂਤ ਹੋਇਆ। ਅਸਲ ’ਚ ਦੋਵੇਂ ਫੋਲੜੀਵਾਲ ਦੀ ਸੱਥ ਵਿਚ ਵੀ ਮੌਜੂਦ ਸਨ ਪਰ ਦੋ ਦਿਨ ਪੁਰਾਣੇ ਤਣਾਅ ਕਾਰਨ ਇਕ-ਦੂਜੇ ਤੋਂ ਦੂਰੀ ਬਣਾਈ ਹੋਈ ਸੀ। ਭਾਜਪਾ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੀਡਰ ਨੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਲੀਡਰਾਂ ਨਾਲ ਗਾਲੀ-ਗਲੋਚ ਕੀਤੀ ਹੈ, ਉਸ ਨੂੰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੀਡਰਾਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ ਪਾਰਟੀ ਹਾਈਕਮਾਨ ਨਾਲ ਛੇਤੀ ਹੀ ਗੱਲਬਾਤ ਕੀਤੀ ਜਾਵੇਗੀ। ਹਾਲਾਂਕਿ ਇਕ ਨਿੱਜੀ ਹੋਟਲ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਸ ਬਾਰੇ ਸਵਾਲ ਕੀਤਾ ਗਿਆ, ਜਿਸ ’ਤੇ ਉਨ੍ਹਾਂ ਨੇ ਖੁੱਲ੍ਹ ਕੇ ਬੋਲਣ ਦੀ ਬਜਾਏ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਆਪਸ ਵਿਚ ਹੀ ਨਿਬੇੜ ਲਿਆ ਜਾਵੇਗਾ।