ਰਾਏਪੁਰ ’ਚ ਭਿਆਨਕ ਅੱਗ ਨਾਲ ਬਿਸਕੁਟ ਤੇ ਸਨੈਕਸ ਫੈਕਟਰੀ ਸੜ ਕੇ ਸੁਆਹ
ਰਾਏਪੁਰ ’ਚ ਭਿਆਨਕ ਅੱਗ ਨਾਲ ਬਿਸਕੁਟ ਤੇ ਸਨੈਕਸ ਫੈਕਟਰੀ ਸੜ ਕੇ ਸੁਆਹ
Publish Date: Fri, 23 Jan 2026 11:00 PM (IST)
Updated Date: Fri, 23 Jan 2026 11:03 PM (IST)

-ਤੇਜ਼ ਹਵਾਵਾਂ ਕਾਰਨ ਵਧੇਰੇ ਭੜਕੀ ਅੱਗ ਦੀਆਂ ਲਾਟਾਂ 50 ਫੁੱਟ ਤੱਕ ਉੱਠੀਆਂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਠਾਨਕੋਟ ਹਾਈਵੇ ’ਤੇ ਰਾਏਪੁਰ ਪਿੰਡ ਦੇ ਬੱਲਾਂ ਪੈਟਰੋਲ ਪੰਪ ਨੇੜੇ ਸਥਿਤ ਬਿਸਕੁਟ ਤੇ ਸਨੈਕਸ ਬਣਾਉਣ ਵਾਲੀ ਫੈਕਟਰੀ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਤੇ ਪੂਰੀ ਫੈਕਟਰੀ ਨੂੰ ਲਪੇਟ ਵਿੱਚ ਲੈ ਲਿਆ। ਅੱਗ 50 ਫੁੱਟ ਦੂਰ ਤੱਕ ਸਾਫ਼ ਦਿਖਾਈ ਦੇ ਰਹੀ ਸੀ। ਅੱਗ ਲੱਗਦਿਆਂ ਹੀ ਫੈਕਟਰੀ ਮਾਲਕ ਤੇ ਨੇੜਲੇ ਨਿਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਜਲੰਧਰ ਤੇ ਆਲੇ ਦੁਆਲੇ ਦੀਆਂ ਸਬ-ਡਵੀਜ਼ਨਾਂ ਤੋਂ ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਪੁੱਜੀਆਂ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਇੰਨੀ ਤੇਜ਼ ਸੀ ਕਿ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਇਸ ’ਤੇ ਕਾਬੂ ਪਾਉਣ ਲਈ ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ। ਜਾਣਕਾਰੀ ਅਨੁਸਾਰ ਫੈਕਟਰੀ ’ਚ ਬਿਸਕੁਟ, ਭੁਜੀਆ ਤੇ ਹੋਰ ਸਨੈਕਸ ਉਤਪਾਦ ਬਣਦੇ ਸਨ। ਅੱਗ ਕਾਰਨ ਕੱਚਾ ਮਾਲ, ਤਿਆਰ ਸਾਮਾਨ ਤੇ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਮੁੱਢਲੇ ਅੰਦਾਜ਼ੇ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਅਜੇ ਤੱਕ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਬੰਧਤ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਪੂਰੇ ਖੇਤਰ ਨੂੰ ਸੁਰੱਖਿਅਤ ਕਰ ਲਿਆ। ਪੁਲਿਸ ਤੇ ਫਾਇਰ ਬ੍ਰਿਗੇਡ ਟੀਮਾਂ ਸਾਂਝੇ ਤੌਰ ’ਤੇ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਖੁਸ਼ਕਿਸਮਤੀ ਨਾਲ ਅੱਗ ਲੱਗਣ ਸਮੇਂ ਫੈਕਟਰੀ ਵਿਚ ਕੋਈ ਕਾਮਾ ਮੌਜੂਦ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਹੈ ਪਰ ਪੁਲਿਸ ਤੇ ਫਾਇਰ ਬ੍ਰਿਗੇਡ ਟੀਮਾਂ ਹਰ ਪਹਿਲੂ ਦੀ ਜਾਂਚ ਕਰ ਰਹੀਆਂ ਹਨ।