ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਹਾਈਵੇ ਜਾਮ ਭਲਕੇ
ਬਾਇਓ (ਸੀਐੱਨਜੀ) ਗੈਸ ਪਲਾਂਟ ਦੇ ਵਿਰੋਧ ‘ਚ 30 ਜਨਵਰੀ ਨੂੰ ਦਿੱਲੀ–ਅੰਮ੍ਰਿਤਸਰ ਹਾਈਵੇ ਕੀਤਾ ਜਾਵੇਗਾ ਜਾਮ
Publish Date: Wed, 28 Jan 2026 08:44 PM (IST)
Updated Date: Wed, 28 Jan 2026 08:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਇਓ (ਸੀਐੱਨਜੀ) ਗੈਸ ਪਲਾਂਟ ਦੇ ਵਿਰੋਧ ਤੇ ਸ਼ੁੱਧ ਹਵਾ ਤੇ ਸਾਫ ਪਾਣੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵਾਤਾਵਰਨ ਪ੍ਰੇਮੀ ਤੇ ਆਮ ਲੋਕਾਂ ਵੱਲੋਂ 30 ਜਨਵਰੀ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇ ’ਤੇ ਮੈਕਡੋਨਲਡਜ਼, ਬਾਠ ਕੈਸਟਲ ਨੇੜੇ ਜਾਮ ਲਾਇਆ ਜਾਵੇਗਾ। ਇਹ ਐਲਾਨ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਾਛਿਆਣਾ, ਸਰਪ੍ਰਸਤ ਪਰਗਟ ਸਿੰਘ ਸਰਹਾਲੀ ਤੇ ਕਮਲਜੀਤ ਕੌਰ ਸਰਪੰਚ ਚਿਤੇਆਣੀ ਨੇ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਅਪਣਾਉਂਦਿਆਂ ਦੁਆਬੇ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਚਾਰਾ ਮੰਡੀ ਨੂੰ ਧੱਕੇ ਨਾਲ ਬੰਦ ਕਰਕੇ ਉਸ ਦੀ ਥਾਂ ਖਤਰਨਾਕ ਬਾਇਓ ਗੈਸ ਤੇ ਸੀਐੱਨਜੀ ਗੈਸ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਲੋਕਾਂ ਦੀ ਸਿਹਤ, ਰੁਜ਼ਗਾਰ ਤੇ ਵਾਤਾਵਰਨ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਕੁਲਵਿੰਦਰ ਸਿੰਘ ਮਾਛਿਆਣਾ ਨੇ ਕਿਹਾ ਕਿ ਸ਼ੁੱਧ ਹਵਾ ਅਤੇ ਸਾਫ ਪਾਣੀ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ ਅਤੇ ਇਸ ਹੱਕ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬੀਕੇਯੂ ਏਕਤਾ ਸਿੱਧੂਪੁਰ ਦੀ ਸੂਬਾ ਕਮੇਟੀ ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਇਸ ਸੰਘਰਸ਼ ਨੂੰ ਪੰਜਾਬ ਪੱਧਰ ‘ਤੇ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਚਿਤੇਆਣੀ ਦੀ ਪੰਚਾਇਤ, ਡੇਅਰੀ ਕੰਪਲੈਕਸ ਨਾਲ ਜੁੜੇ ਲੋਕਾਂ, ਆੜਤੀਆਂ ਤੇ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ 30 ਜਨਵਰੀ ਦੇ ਜਾਮ ਦਾ ਫੈਸਲਾ ਲਿਆ ਗਿਆ। ਮੀਟਿੰਗ ’ਚ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ, ਗੋਰਾ ਬਬਲੂ, ਕੁਲਬੀਰ ਸਿੰਘ, ਚਰਨਜੀਤ ਸਿੰਘ ਬਿੰਦਾ, ਮੋਨੂ ਚੋਪੜਾ, ਬਲਦੇਵ ਕਪੂਰ, ਅਮਨ ਸਿੰਘ, ਭੁਪਿੰਦਰ ਸਿੰਘ ਚੀਮਾ, ਅਮਰੀਕ ਸਿੰਘ ਮੰਡ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।