ਬੀਬੀ ਕਾਕੜ ਨੇ ਓਟ ਸੈਂਟਰ ਦੇ ਹਾਲਾਤ ਦਾ ਲਿਆ ਗੰਭੀਰ ਨੋਟਿਸ
ਐਕਸ਼ਨ ਮੋਡ ‘ਚ ਬੀਬੀ ਕਾਕੜ, ਓਟ ਸੈਂਟਰ ਦੀ ਸਥਿਤੀ ਦਾ ਲਿਆ ਗੰਭੀਰ ਨੋਟਿਸ
Publish Date: Tue, 18 Nov 2025 11:04 PM (IST)
Updated Date: Tue, 18 Nov 2025 11:07 PM (IST)

-ਹਸਪਤਾਲ ’ਚ ਥਾਂ-ਥਾਂ ਸਰਿੰਜਾਂ ਮਿਲਣੀਆਂ ਖਤਰਨਾਕ, ਸਿਹਤ ਮੰਤਰੀ ਨੂੰ ਮਿਲਣ ਦਾ ਦਿੱਤਾ ਭਰੋਸਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਕਾਰੀ ਹਸਪਤਾਲ ਸ਼ਾਹਕੋਟ ‘ਚ ਬਣੇ ਓਟ ਸੈਂਟਰ ‘ਚੋਂ ਨਸ਼ੇ ਦੀਆਂ ਗੋਲੀਆਂ ਲੈਣ ਆਉਂਦੇ ਨੌਜਵਾਨਾਂ ਵੱਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਮੁੱਦੇ ‘ਤੇ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਅਤੇ ‘ਆਪ’ ਮਹਿਲਾ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਐਕਸ਼ਨ ਮੋਡ ‘ਚ ਆ ਗਏ ਹਨ। ਕੁਝ ਦਿਨ ਪਹਿਲਾਂ ਪੱਤਰਕਾਰਾਂ ਵੱਲੋਂ ਇਹ ਮਾਮਲਾ ਬੀਬੀ ਕਾਕੜ ਦੇ ਧਿਆਨ ’ਚ ਲਿਆਂਦਾ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਸਰਕਾਰੀ ਹਸਪਤਾਲ ਸ਼ਾਹਕੋਟ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਡਾਕਟਰੀ ਸਟਾਫ ਤੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਓਟ ਸੈਂਟਰ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਵਾਉਣ ਲਈ ਸਿਹਤ ਮੰਤਰੀ ਨੂੰ ਮਿਲਣ ਦਾ ਭਰੋਸਾ ਦਿੱਤਾ। ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲੰਬੇ ਸਮੇਂ ਤੋਂ ਓਟ ਸੈਂਟਰ ਬਣਿਆ ਹੋਇਆ ਹੈ ਤੇ ਰੋਜ਼ਾਨਾ 800 ਦੇ ਕਰੀਬ ਨਸ਼ੇ ਦੇ ਆਦੀ ਲੋਕ ਓਟ ਸੈਂਟਰ ‘ਚ ਨਸ਼ਾ ਛੁਡਾਊ ਗੋਲੀ ਲੈਣ ਲਈ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਹੈ। ਇਸ ਮੌਕੇ ਬੀਬੀ ਰਣਜੀਤ ਕੌਰ ਕਾਕੜ ਵੱਲੋਂ ਡਾਕਟਰੀ ਸਟਾਫ ਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ। ਸਟਾਫ ਨੇ ਦੱਸਿਆ ਕਿ ਨਸ਼ੇ ਦੇ ਆਦੀ ਲੋਕਾਂ ਵੱਲੋਂ ਆਮ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਨਸ਼ੇੜੀ ਲੋਕ ਹਸਪਤਾਲ ਦੀਆਂ ਦਵਾਈਆਂ, ਸਰਕਾਰੀ ਸਮਾਨ ਅਤੇ ਸਿਰਿੰਜਾਂ ਤੱਕ ਦੀ ਚੋਰੀ ਕਰਦੇ ਹਨ, ਜਿਸ ਕਾਰਨ ਹਸਪਤਾਲ ਪ੍ਰਬੰਧਨ ਨੂੰ ਨਿੱਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਵਿਚ ਮਰੀਜ਼ਾਂ ਖਾਸਕਰ ਮਹਿਲਾਵਾਂ ਤੇ ਬਜ਼ੁਰਗਾਂ ਦੀ ਸੁਰੱਖਿਆ ਸਭ ਤੋਂ ਵੱਧ ਖਤਰੇ ਵਿਚ ਰਹਿੰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਤੇ ਨਾਲ ਲੱਗਦੇ ਮੁਹੱਲਿਆਂ ਤੇ ਗਲੀਆਂ ਵਿਚ ਵੀ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਣਜੀਤ ਕੌਰ ਕਾਕੜ ਨੇ ਕਿਹਾ ਕਿ ਇਹ ਸਥਿਤੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਰਕਾਰੀ ਹਸਪਤਾਲ ਜਨਤਾ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ, ਪਰ ਇੱਥੇ ਮਰੀਜ਼ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰ ਰਹੇ ਹਨ। ਹਸਪਤਾਲ ਦੇ ਕਈ ਹਿੱਸਿਆਂ ਵਿਚ ਸਰਿੰਜਾਂ ਵੀ ਮਿਲੀਆਂ ਹਨ, ਜੋ ਕਿ ਬਹੁਤ ਖਤਰਨਾਕ ਗੱਲ ਹੈ। ਬੀਬੀ ਕਾਕੜ ਨੇ ਸਪੱਸ਼ਟ ਕਿਹਾ ਕਿ ਇਸ ਗੰਭੀਰ ਮਸਲੇ ‘ਤੇ ਜਲਦੀ ਹੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਸਾਰੀ ਸਥਿਤੀ ਦੱਸ ਕੇ ਓਟ ਸੈਂਟਰ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਵਾਉਣ ਲਈ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਹਸਪਤਾਲ ਸਟਾਫ ਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਜਲਦ ਹੱਲ ਕਰਵਾਈਆਂ ਜਾਣਗੀਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ, ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਡਾ. ਧੀਰਜ, ਮਨਦੀਪ ਸਿੰਘ ਝੀਤਾ ਪੀਏ, ਸੁੱਚਾ ਗਿੱਲ ਸਾਬਕਾ ਬਲਾਕ ਪ੍ਰਧਾਨ, ਲਛਮਣ ਸਿੰਘ ਪੂਨੀਆਂ ਆਦਿ ਹਾਜ਼ਰ ਸਨ।