ਖਾਲਸਾ ਕਾਲਜ ਦਾ ਵਿਦਿਆਰਥੀ ਹੋਣਾ ਸਭ ਤੋਂ ਵੱਡੀ ਖੁਸ਼ਕਿਸਮਤੀ : ਭਨੋਟ
ਖਾਲਸਾ ਕਾਲਜ ਦਾ ਵਿਦਿਆਰਥੀ ਹੋਣਾ ਸਭ ਤੋਂ ਵੱਡੀ ਖੁਸ਼ਕਿਸਮਤੀ-ਤਪਨ ਭਨੋਟ
Publish Date: Fri, 05 Dec 2025 08:47 PM (IST)
Updated Date: Sat, 06 Dec 2025 04:15 AM (IST)

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬਲਬੀਰ ਸਿੰਘ ਦਾ 87ਵਾਂ ਜਨਮ ਦਿਨ ਮਨਾਇਆ ਪੁਰਾਣੇ ਵਿਦਿਆਰਥੀਆਂ ਦੀ ਕਰਵਾਈ ਵਿਸ਼ੇਸ਼ ਮਿਲਣੀ, ਕਾਲਜ ਦੇ ਦਿਨ ਕੀਤੇ ਯਾਦ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਬਲਬੀਰ ਸਿੰਘ ਦੇ 87ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਵਿਸੇਸ਼ ਮਿਲਣੀ ਕਰਵਾਈ ਗਈ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਤਪਨ ਭਨੋਟ ਡਿਪਟੀ ਡਾਇਰੈਕਟਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਡਾ. ਐੱਸਪੀਐੱਸ ਗਰੋਵਰ, ਕਰਨਲ ਸੁਖਬੀਰ ਸਿੰਘ (ਰਿਟਾ), ਡਾ. ਅਰਮਿੰਦਰ ਸਿੰਘ (ਯੂਐੱਸਏ), ਕਰਨਲ ਕੁਲਦੀਪ ਸਿੰਘ ਦੁਸਾਂਝ ਤੇ ਦਲਵਿੰਦਰ ਦਿਆਲਪੁਰੀ ਸ਼ਾਮਲ ਹੋਏ। ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੂੰ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਕੌਰ, ਵਾਈਸ ਪ੍ਰਧਾਨ ਦੀਪਇੰਦਰ ਸਿੰਘ ਪੁਰੇਵਾਲ, ਸੰਯੁਕਤ ਸਕੱਤਰ ਜਸਪਾਲ ਸਿੰਘ ਵੜੈਚ, ਪ੍ਰਭਦੀਪ ਸਿੰਘ ਪੰਨੂ ਮੈਂਬਰ ਮੇਨੈਜਿੰਗ ਕਮੇਟੀ ਤੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਨਿੱਘੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ। ਮੁੱਖ ਮਹਿਮਾਨ ਤਪਨ ਭਨੋਟ ਨੇ ਕਾਲਜ ਪ੍ਰਤੀ ਆਪਣਾ ਮੋਹ ਪ੍ਰਗਟ ਕਰਦਿਆਂ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਲਜ ਵਿਖੇ ਬਿਤਾਏ ਆਪਣੇ ਵਿਦਿਆਰਥੀ ਜੀਵਨ ਦੇ ਅਨੁਭਵ ਸਾਂਝੇ ਕੀਤੇ। ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਅਤਿ ਖੁਸ਼ਕਿਸਮਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਗੱਲ ਦਾ ਮਾਣ ਹੈ ਕਿ ਉਹ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਹਨ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਣ ’ਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ’ਚ ਹੋਰ ਅਜਿਹੇ ਮੌਕੇ ਸਿਰਜਣ ਲਈ ਯਤਨਸ਼ੀਲ ਰਹੇਗਾ। ਐਲੂਮਨੀ ਐਸੋਸੀਏਸ਼ਨ ਦੇ ਡਾਇਰੈਕਟਰ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਇਸ ਮੌਕੇ ਐਲੂਮਨੀ ਐਸੋਸੀਏਸ਼ਨ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਸਮਾਗਮ ਦੌਰਾਨ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਲੋਕ ਗੀਤ, ਗਜ਼ਲ, ਗਰੁਪ ਸ਼ਬਦ ਨਾਲ ਵਾਤਾਵਰਣ ਨੂੰ ਸੁਹਾਵਣਾ ਤੇ ਖੁਸ਼ਗਵਾਰ ਬਣਾਇਆ। ਦਲਵਿੰਦਰ ਦਿਆਲਪੁਰੀ ਪ੍ਰਸਿੱਧ ਲੋਕ ਗਾਇਕ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ। ਡਾ. ਸੁਰਿੰਦਰਪਾਲ ਮੰਡ ਨੇ ਖੂਬਸੂਰਤ ਸ਼ਾਇਰਾਨਾ ਅੰਦਾਜ਼ ’ਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਬਲਦੇਵ ਸਿੰਘ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ, ਡਾ. ਸਰਬਜੀਤ ਕੌਰ ਰਾਏ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਡਾ. ਗੁਰਪਿੰਦਰ ਸਿੰਘ ਸਾਬਕਾ ਪ੍ਰਿੰਸੀਪਲ, ਪ੍ਰੋ. ਆਰਸੀ ਕੁਕਰੇਜਾ, ਪ੍ਰੋ. ਰਵੀਲ ਕਮਲ, ਪ੍ਰੋ. ਸਰਿਤਾ ਤਿਵਾੜੀ, ਪ੍ਰੋ. ਜਸਰੀਨ ਕੌਰ ਤੇ ਡਾ. ਗੋਪਾਲ ਸਿੰਘ ਬੁੱਟਰ ਤੋਂ ਇਲਾਵਾ 1964 ਤੋਂ 2024 ਤੱਕ ਦੇ ਪੁਰਾਣੇ ਆਦਿ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪੁਰਾਣੇ ਵਿਦਿਆਰਥੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।