ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 'ਬੇਗਮਪੁਰਾ ਸਪੈਸ਼ਲ ਐਕਸਪ੍ਰੈਸ' ਦੁਪਹਿਰ 3.40 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਰਵਾਨਾ ਹੋਵੇਗੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ 1 ਫਰਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨ ਲਈ ਜਲੰਧਰ ਸਥਿਤ ਡੇਰਾ ਬੱਲਾਂ ਵਿਖੇ ਪਹੁੰਚ ਰਹੇ ਹਨ। ਡੇਰਾ ਸੱਚਖੰਡ ਬੱਲਾਂ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਰਵਿਦਾਸ ਪਬਲਿਕ ਬਰਥ ਪਲੇਸ ਚੈਰੀਟੇਬਲ ਟਰਸਟ ਬਨਾਰਸ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਸੰਗਤ ਰਵਾਨਾ ਹੋਵੇਗੀ।

ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਦੁਪਹਿਰ 3.40 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਰਵਾਨਾ ਹੋ ਚੁੱਕੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ 1 ਫਰਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨ ਲਈ ਜਲੰਧਰ ਸਥਿਤ ਡੇਰਾ ਸਚਖੰਡ ਬੱਲਾਂ ਪਹੁੰਚ ਰਹੇ ਹਨ।
ਡੇਰਾ ਸਚਖੰਡ ਬੱਲਾਂ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਚੈਰੀਟੇਬਲ ਟਰੱਸਟ ਬਨਾਰਸ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਦੇਖਰੇਖ ਹੇਠ ਸੰਗਤ ਵਾਰਾਣਸੀ ਲਈ ਰਵਾਨਾ ਹੋਵੇਗੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ੋਭਾ ਯਾਤਰਾਵਾਂ ਦੇ ਰੂਪ ਵਿੱਚ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਪਹੁੰਚ ਰਹੇ ਹਨ। ਮੁੱਖ ਤੌਰ ‘ਤੇ ਡੇਰਾ ਸਚਖੰਡ ਬੱਲਾਂ ਤੋਂ ਸ਼ੋਭਾ ਯਾਤਰਾ ਸਟੇਸ਼ਨ ਤੱਕ ਆਏਗੀ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੇ ਸਵਾਗਤ ਲਈ ਮੰਚ ਸਜਾਏ ਗਏ ਹਨ। ਰੇਲਵੇ ਸਟੇਸ਼ਨ ਦੇ ਬਾਹਰ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਗਏ ਮੰਚਾਂ ‘ਤੇ ਭਜਨਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਦੇ ਲੰਗਰ ਵੀ ਲਗਾਏ ਗਏ ਹਨ।
30 ਜਨਵਰੀ ਨੂੰ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਦੁਪਹਿਰ ਵੇਲੇ ਵਾਰਾਣਸੀ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਟ੍ਰੇਨ ਵਿੱਚ ਕੁੱਲ 25 ਕੋਚ ਹਨ, ਜਿਨ੍ਹਾਂ ਰਾਹੀਂ ਲਗਪਗ 1500 ਤੋਂ 2000 ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ, ਕਾਸ਼ੀ (ਬਨਾਰਸ) ਵਿੱਚ ਮੱਥਾ ਟੇਕਣਗੇ।
1 ਫਰਵਰੀ ਨੂੰ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਦੇਖਰੇਖ ਹੇਠ ਇਕ ਵੱਡੇ ਪੰਡਾਲ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਿੱਸਾ ਲੈਣਗੇ। ਪ੍ਰਕਾਸ਼ ਪੁਰਬ ਸਮਾਗਮ ਤੋਂ ਬਾਅਦ ਸੰਗਤ ਵਾਪਸ ਜਲੰਧਰ ਪਰਤੇਗੀ।