29 ਨੂੰ ਵਾਰਾਨਸੀ ਲਈ ਰਵਾਨਾ ਹੋਵੇਗੀ ਬੇਗ਼ਮਪੁਰਾ ਐਕਸਪ੍ਰੈੱਸ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਹਾੜੇ ਮੌਕੇ ਬੇਗਮਪੁਰਾ ਸਪੈਸ਼ਲ ਐਕਸਪ੍ਰੈਸ ਜਲੰਧਰ ਤੋਂ ਵਾਰਾਨਸੀ ਲਈ ਰਵਾਨਾ
Publish Date: Tue, 27 Jan 2026 09:54 PM (IST)
Updated Date: Tue, 27 Jan 2026 09:58 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਹਾੜਾ ਮਨਾਉਣ ਲਈ ਬੇਗ਼ਮਪੁਰਾ ਸਪੈਸ਼ਲ ਐਕਸਪ੍ਰੈੱਸ ਟਰੇਨ 29 ਜਨਵਰੀ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਨਸੀ ਲਈ ਰਵਾਨਾ ਹੋਵੇਗੀ। ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਰਵਿਦਾਸ ਪਬਲਿਕ ਜਨਮ ਸਥਾਨ ਚੈਰੀਟੇਬਲ ਟਰੱਸਟ ਬਨਾਰਸ ਵੱਲੋਂ ਇਹ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ 29 ਜਨਵਰੀ ਨੂੰ ਦੁਪਹਿਰ 1:40 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਤੇ 30 ਜਨਵਰੀ ਨੂੰ ਦੁਪਹਿਰ 3:10 ਵਜੇ ਵਾਰਾਨਸੀ ਪੁੱਜੇਗੀ। ਟਰੇਨ ’ਚ ਕੁੱਲ 22 ਬੋਗੀਆਂ ਹੋਣਗੀਆਂ ਤੇ ਲਗਪਗ 1,500 ਸੰਗਤਾਂ ਸਫ਼ਰ ਕਰਨਗੀਆਂ। ਇਹ ਸੰਗਤ ਬਨਾਰਸੀ ਦੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਗੁਰਧਰਨਪੁਰ ’ਚ ਨਤਮਸਤਕ ਹੋਣਗੇ। ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਪਹਿਲੀ ਫਰਵਰੀ ਨੂੰ ਵਿਸ਼ਾਲ ਪੰਡਾਲ ’ਚ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਜਾਵੇਗਾ, ਜਿਸ ’ਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਦੀ ਸ਼ਮੂਲੀਅਤ ਹੋਵੇਗੀ। ਜਨਮ ਦਿਹਾੜੇ ਦੇ ਸਮਾਗਮ ਦੇ ਬਾਅਦ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟਰੇਨ 3 ਫਰਵਰੀ ਨੂੰ ਦੁਪਹਿਰ 2:40 ਵਜੇ ਵਾਰਾਨਸੀ ਸਿਟੀ ਰੇਲਵੇ ਸਟੇਸ਼ਨ ਤੋਂ ਜਲੰਧਰ ਵਾਪਸ ਰਵਾਨਾ ਹੋਵੇਗੀ ਤੇ 4 ਫਰਵਰੀ ਨੂੰ ਸਵੇਰੇ 11:40 ਵਜੇ ਜਲੰਧਰ ਸਿਟੀ ਪੁੱਜੇਗੀ।