ਰਾਤ ਨੂੰ ਬੱਸ ਸਟੈਂਡ ਜਾਣਾ ਹੈ ਤਾਂ ਰਹੋ ਚੌਕਸ
ਰਾਤ ਨੂੰ ਬੱਸ ਸਟੈਂਡ ਜਾਣਾ ਹੈ ਤਾਂ ਰਹੋ ਸਾਵਧਾਨ............
Publish Date: Sat, 06 Dec 2025 10:50 PM (IST)
Updated Date: Sat, 06 Dec 2025 10:54 PM (IST)

-ਰਾਤ ਨੌ ਵਜੇ ਤੋਂ ਬਾਅਦ ਬੱਚ ਕੇ ਨਿਕਲਣਾ ਮੁਸ਼ਕਲ, ਸ਼ਰੇਆਮ ਸੜਕ ਕੰਢੇ ਚੱਲਦੈ ਧੰਦਾ, ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਪਰੇਸ਼ਾਨ ਤਰੁਣਦੀਪ ਮਹਿਰਾ/ਹਰਸ਼ ਕੁਮਾਰ, ਪੰਜਾਬੀ ਜਾਗਰਣ, ਜਲੰਧਰ : ਜੇ ਰਾਤ ਨੌ ਵਜੇ ਤੋਂ ਬਾਅਦ ਬੱਸ ਸਟੈਂਡ ਜਾਂ ਉਸਦੇ ਆਸ-ਪਾਸ ਕਿਸੇ ਕੰਮ ਲਈ ਜਾਣਾ ਪਵੇ ਤਾਂ ਥੋੜ੍ਹਾ ਸਾਵਧਾਨ ਰਹੋ। ਰਾਤ ਹੋਣ ’ਤੇ ਬੱਸ ਸਟੈਂਡ ਦੇ ਆਲੇ-ਦੁਆਲੇ ਸੜਕਾਂ ’ਤੇ ਗਿਰੋਹ ਸਰਗਰਮ ਹੋ ਜਾਂਦੇ ਹਨ। ਇੱਥੇ ਸੜਕਾਂ ’ਤੇ ਸ਼ਰੇਆਮ ਕੁੜੀਆਂ ਤੇ ਔਰਤਾਂ ਸੌਦੇਬਾਜ਼ੀ ਕਰਨ ਲੱਗਦੀਆਂ ਹਨ। ਜੇ ਇਨ੍ਹਾਂ ਦੇ ਝਾਂਸੇ ’ਚ ਫਸ ਗਏ ਤਾਂ ਇੱਥੋਂ ਬਚ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਧੰਦੇ ਦੇ ਇਲਾਵਾ ਇੱਥੇ ਔਰਤਾਂ ਦੇ ਸਾਥੀ ਤੇ ਨਸ਼ੇੜੀ ਵੀ ਕਿਸੇ ਵੀ ਵੇਲੇ ਲੁੱਟ-ਖੋਹ ਕਰ ਸਕਦੇ ਹਨ। ਰਾਤ ਨੂੰ ਕੀਤੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਬੱਸ ਸਟੈਂਡ ਦੇ ਬਾਹਰ ਸੜਕਾਂ ’ਤੇ ਇਹ ਗੰਦਾ ਕੰਮ ਸ਼ਰੇਆਮ ਚੱਲ ਰਿਹਾ ਹੈ। ਇਹ ਸੜਕਾਂ ਰਾਤ ਨੂੰ ਇਕ ਤਰ੍ਹਾਂ ਰੈੱਡ ਲਾਈਟ ਏਰੀਆ ਬਣ ਜਾਂਦੀਆਂ ਹਨ। ਬੱਸ ਸਟੈਂਡ ’ਤੇ ਰਾਤ ਨੂੰ ਵੀ ਸੈਂਕੜੇ ਯਾਤਰੀ ਆਉਂਦੇ-ਜਾਂਦੇ ਹਨ। ਕਈ ਵਾਰੀ ਲੋਕ ਇਨ੍ਹਾਂ ਦੇ ਜਾਲ ’ਚ ਫਸ ਕੇ ਲੁੱਟੇ ਜਾ ਚੁੱਕੇ ਹਨ। ਜਿੱਥੇ ਇਹ ਸਾਰਾ ਵਪਾਰ ਹੁੰਦਾ ਹੈ, ਉਸ ਤੋਂ ਕੁਝ ਹੀ ਦੂਰੀ ’ਤੇ ਬੱਸ ਸਟੈਂਡ ਪੁਲਿਸ ਚੌਕੀ ਵੀ ਹੈ, ਪਰ ਕਿਸੇ ਨੂੰ ਕੋਈ ਡਰ ਨਹੀਂ। ਆਸ-ਪਾਸ ਰਹਿਣ ਵਾਲੇ ਲੋਕ ਵੀ ਪਰੇਸ਼ਾਨ ਹਨ। ਉਹ ਕਹਿੰਦੇ ਹਨ ਕਿ ਜੇ ਅਵਾਜ਼ ਚੁੱਕੀ ਜਾਵੇ ਤਾਂ ਡਰ ਰਹਿੰਦਾ ਹੈ ਕਿ ਨਸ਼ੇੜੀ ਰਾਤ ਨੂੰ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾ ਦੇਵੇ। -------------------- ਕੇਸ 1 ਪੁਲਿਸ ਦੀ ਗੱਡੀ ਨਿਕਲੀ, ਕੁੜੀ ਬੋਲੀ ਡਰੋ ਨਾ, ਕੋਈ ਕੁਝ ਨਹੀਂ ਕਹਿੰਦਾ ਰਾਤ 9:50 ਵਜੇ, ਗੇਟ ਨੰਬਰ 2 ਬੱਸ ਸਟੈਂਡ ਪੁਲਿਸ ਚੌਕੀ ਤੋਂ ਲਗਪਗ 250 ਮੀਟਰ ਦੂਰ ਢਾਬੇ ਦੇ ਕੋਲ ਦੋ ਕੁੜੀਆਂ ਖੜ੍ਹੀਆਂ ਸਨ। ਉਨ੍ਹਾਂ ਕੋਲ ਕਾਰ ਰੋਕਦੇ ਹੀ ਕੁੜੀ ਨੇ ਕਿਹਾ, ਹਾਂ ਜੀ, ਦੱਸੋ ਕੀ ਕੰਮ ਕਰਵਾਉਣਾ ਹੈ। ਗੱਲਬਾਤ ’ਚ ਉਹ ਰੇਟ ਤੈਅ ਕਰਦੀ ਹੈ। ਉਸ ਨੇ ਹੀ ਦੱਸਿਆ ਕਿ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੇ ਨੇੜੇ ਹੋਟਲ ’ਚ ਜਾ ਸਕਦੇ ਹਨ। ਜਦੋਂ ਪੁੱਛਿਆ ਕਿ ਹੋਟਲ ’ਚ ਆਧਾਰ ਕਾਰਡ ਦੇਣਾ ਪਵੇਗਾ ਕਿ ਨਹੀਂ, ਤਾਂ ਉਹ ਕਹਿੰਦੀ, ਕੋਈ ਗੱਲ ਨਹੀਂ, ਥੋੜ੍ਹਾ ਜ਼ਿਆਦਾ ਪੈਸਾ ਦੇਵੋ, ਫਿਰ ਆਧਾਰ ਕਾਰਡ ਨਹੀਂ ਦੇਣਾ ਪਵੇਗਾ। ਉਸ ਦਾ ਨਾਮ ਪੁੱਛਣ ’ਤੇ ਕਹਿੰਦੀ, ਆਪਣੇ ਕੰਮ ਨਾਲ ਮਤਲਬ ਰੱਖੋ, ਨਾਮ ਕੀ ਕਰੋਗੇ? ਇਸ ਦੌਰਾਨ ਪੁਲਿਸ ਦੀ ਗੱਡੀ ਬੱਸ ਸਟੈਂਡ ਚੌਕ ਵੱਲ ਜਾਂਦੀ, ਤਦ ਉਹ ਕਹਿੰਦੀ, ਕੋਈ ਕੁਝ ਨਹੀਂ ਕਹਿੰਦਾ, ਡਰੋ ਨਹੀਂ, ਪੁਲਿਸ ਦਾ ਧਿਆਨ ਨਹੀਂ ਪਿਆ, ਕੋਈ ਕੁਝ ਨਹੀਂ ਕਹਿੰਦਾ। -------------------- ਕੇਸ 2 ਨਸ਼ੇ ’ਚ ਔਰਤ ਬੋਲੀ ਸਰ, ਰੋਜ਼ ਦਾ ਕੰਮ ਹੈ... ਰਾਤ ਲਗਭਗ 10:30 ਵਜੇ, ਨਰਿੰਦਰ ਸਿਨੇਮਾ ਦੇ ਕੋਲ ਗਲੀ ’ਚ ਤਿੰਨ ਔਰਤਾਂ ਖੜ੍ਹੀਆਂ ਸਨ। ਉਨ੍ਹਾਂ ਕੋਲ ਦੋ ਕਾਰਾਂ ਤੇ ਇਕ ਬਾਈਕ ’ਤੇ ਦੋ ਨੌਜਵਾਨ ਖੜ੍ਹੇ ਸਨ। ਜਦੋਂ ਕਾਰ ਉਨ੍ਹਾਂ ਕੋਲ ਲਿਜਾਂਦੀ ਗਈ, ਤਾਂ ਇਕ ਔਰਤ ਆ ਕੇ ਗੱਲ ਕਰਨ ਲੱਗੀ। ਉਹ ਨਸ਼ੇ ’ਚ ਸੀ। ਉਹ ਕਹਿੰਦੀ, ਸਾਹਿਬ ਕੋਈ ਟੈਨਸ਼ਨ ਨਹੀਂ, ਮੈਂ ਆਪਣੀਆਂ ਹੋਰ ਸਾਥੀਆਂ ਨੂੰ ਵੀ ਬੁਲਾ ਲੈਂਦੀ ਹਾਂ। ਮੇਰੇ ਨਾਲ ਕਿਸੇ ਵੀ ਹੋਟਲ ’ਚ ਚਲੋ, ਕੋਈ ਆਧਾਰ ਕਾਰਡ ਨਹੀਂ ਲਵੇਗਾ। ਜਦੋਂ ਕਾਰ ’ਤੇ ਪ੍ਰੈੱਸ ਲਿਖਿਆ ਵੇਖਿ, ਤਾਂ ਉਹ ਪਿੱਛੇ ਮੁੜੀ ਤੇ ਦੂਜੀ ਗੱਡੀ ’ਚ ਬੈਠ ਕੇ ਉਥੋਂ ਚਲੀ ਗਈ। ------------------ ਕੇਸ 3 ਦੋਸਤ ਦੇ ਨਾਲ ਆਏ ਨੌਜਵਾਨ ਦੀ ਬਾਈਕ ਲੁੱਟ ਲਈ, ਕਹਿੰਦਾ ਹੁਣ ਘਰ ਕੀ ਦੱਸਾਂਗਾ? ਰਾਤ 11 ਵਜੇ, ਬੱਸ ਸਟੈਂਡ ਫਲਾਈਓਵਰ ਤੋਂ ਹੇਠਾਂ, ਆਰਟੀਓ ਡ੍ਰਾਈਵਿੰਗ ਟੈਸਟ ਟ੍ਰੈਕ ਦੇ ਕੋਲ ਖਾਲੀ ਪਲਾਟ ਦੇ ਨੇੜੇ ਕੁਝ ਕੁੜੀਆਂ ਬਾਈਕ ’ਤੇ ਜਾਂ ਕਾਰ ’ਚ ਬੈਠੇ ਕੁਝ ਲੋਕਾਂ ਨਾਲ ਸੌਦੇਬਾਜ਼ੀ ਕਰ ਰਹੀਆਂ ਸਨ। ਨੇੜੇ ਹੀ ਡੀਐੱਚਐੱਲ ਕੋਰੀਅਰ ਦੀ ਦੁਕਾਨ ਖੁੱਲ੍ਹੀ ਹੋਈ ਸੀ। ਅੰਦਰ ਚਾਰ ਨੌਜਵਾਨ ਕੰਮ ਕਰ ਰਹੇ ਸਨ। ਉਨ੍ਹਾਂ ਕੋਲ ਇਕ ਈ-ਰਿਕਸ਼ਾ ਵਾਲਾ ਵੀ ਖੜ੍ਹਾ ਸੀ। ਨਾਮ ਨਾ ਛਾਪਣ ਦੀ ਸ਼ਰਤ ’ਤੇ ਉਹ ਦੱਸਦੇ ਹਨ, ਸਰ, ਇੱਥੇ ਇਹ ਰੋਜ਼ ਦਾ ਕੰਮ ਹੈ। ਉਨ੍ਹਾਂ ਨੂੰ ਖੁਦ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਸ਼ਿਕਾਇਤ ਕਰਨ ਤੋਂ ਡਰ ਲੱਗਦਾ ਹੈ ਕਿ ਕੱਲ੍ਹ ਇਨ੍ਹਾਂ ਦੇ ਨਸ਼ੇੜੀ ਸਾਥੀ ਸਾਡੇ ’ਤੇ ਹਮਲਾ ਨਾ ਕਰ ਦੇਣ। ਇਸ ਦੌਰਾਨ, ਆਪਣੇ ਦੋਸਤ ਦੇ ਨਾਲ ਆਏ ਨੌਜਵਾਨ ਤੋਂ ਇਕ ਔਰਤ ਦੇ ਨਸ਼ੇੜੀ ਸਾਥੀ ਦਾਤਰ ਮਾਰ ਕੇ ਸ਼ਰੇਆਮ ਉਸ ਦੀ ਬਾਈਕ ਲੁੱਟ ਕੇ ਫ਼ਰਾਰ ਹੋ ਗਏ। ਨੌਜਵਾਨ ਆਪਣੇ ਆਪ ਨੂੰ ਕੋਸਣ ਲੱਗਾ ਕਿ ਹੁਣ ਘਰ ਕੀ ਦੱਸਾਂਗਾ ਕਿ ਬਾਈਕ ਕਿੱਥੇ ਹੈ? ਬਾਈਕ ਦੀ ਲੁੱਟ ਹੋਣ ਤੋਂ ਬਾਅਦ, ਪੁਲਿਸ ਦੇ ਆਉਣ ਦੇ ਡਰ ਨਾਲ ਸਾਰੇ ਉਥੋਂ ਫ਼ਰਾਰ ਹੋ ਗਏ। ------------------- ਪੁਲਿਸ ਨੂੰ ਵੇਖ ਸਵਾਰੀ ਬਣ ਕੇ ਈ-ਰਿਕਸ਼ਾ ’ਚ ਬੈਠ ਜਾਂਦੀਆਂ ਹਨ ਬੱਸ ਸਟੈਂਡ ਦੇ ਆਸ-ਪਾਸ ਇਸ ਗਿਰੋਹ ’ਚ ਕੁਝ ਈ-ਰਿਕਸ਼ਾ ਚਾਲਕ ਵੀ ਸ਼ਾਮਲ ਹਨ। ਜੇ ਉਨ੍ਹਾਂ ਨੂੰ ਪੁਲਿਸ ਦੀ ਗੱਡੀ ਆਉਂਦੀ ਦਿਸਦੀ ਹੈ, ਤਾਂ ਉਹ ਨੇੜੇ ਖੜੇ ਈ-ਰਿਕਸ਼ਾ ’ਚ ਸਵਾਰੀ ਬਣ ਕੇ ਬੈਠ ਜਾਂਦੀਆਂ ਹਨ। ਪੁਲਿਸ ਦੇ ਜਾਂਦੇ ਹੀ ਫਿਰ ਉੱਥੇ ਹੀ ਧੰਦਾ ਮੁੜ ਸ਼ੁਰੂ ਹੋ ਜਾਂਦਾ ਹੈ। -------------------- ਆਲੇ-ਦੁਆਲੇ ਦੇ ਇਲਾਕੇ ਦੇ ਲੋਕ ਰਾਤ ਨੂੰ ਪਰਿਵਾਰ ਦੇ ਨਾਲ ਬਾਹਰ ਜਾਣ ਤੋਂ ਬਚਦੇ ਹਨ ਆਲੇ-ਦੁਆਲੇ ਦੀ ਮਾਰਕੀਟ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਗਿਰੋਹ ਦੀ ਨਸ਼ੇੜੀਆਂ ਨਾਲ ਮਿਲੀਭੁਗਤ ਹੈ। ਇਹ ਲੋਕ ਆਉਂਦੇ-ਜਾਂਦੇ ਲੋਕਾਂ ਦੇ ਪਿੱਛੇ ਲੱਗ ਜਾਂਦੇ ਹਨ। ਜੇ ਕੋਈ ਉਨ੍ਹਾਂ ਨੂੰ ਕੁਝ ਕਹੇ ਤਾਂ ਧਮਕਾਉਣ ਲੱਗ ਜਾਂਦੇ ਹਨ। ਰਾਤ ਨੂੰ ਆਲੇ-ਦੁਆਲੇ ਦੇ ਲੋਕ ਵੀ ਇੱਥੋਂ ਲੰਘਣ ਤੋਂ ਹਿਚਕਿਚਾਉਂਦੇ ਹਨ। ਰਾਤ ਦੇ ਸਮੇਂ ਇਸ ਇਲਾਕੇ ’ਚ ਪੁਲਿਸ ਦੀ ਗਸ਼ਤ ਸਖ਼ਤ ਹੋਣੀ ਚਾਹੀਦੀ ਹੈ, ਤਾਂ ਹੀ ਮਾਹੌਲ ਠੀਕ ਕੀਤਾ ਜਾ ਸਕਦਾ ਹੈ। -------------------- ਥਾਣਾ ਪੁਲਿਸ ਤੇ ਪੀਸੀਆਰ ਟੀਮਾਂ ਰਾਤ ਨੂੰ ਗਸ਼ਤ ਕਰਦੀਆਂ ਹਨ ਜੇ ਕੋਈ ਗੈਰ-ਕਾਨੂੰਨੀ ਕੰਮ ਨੂੰ ਉਤਸ਼ਾਹਤ ਕਰਦਾ ਹੈ ਤਾਂ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ ਤੇ ਗਲਤ ਕੰਮ ਕਰਨ ਵਾਲਿਆਂ ’ਤੇ ਜ਼ਰੂਰੀ ਕਾਰਵਾਈ ਹੋਵੇਗੀ। ਰਾਤ ਨੂੰ ਬੱਸ ਸਟੈਂਡ ਦੇ ਆਸ-ਪਾਸ ਦੀ ਸੁਰੱਖਿਆ ਵਧਾ ਦਿੱਤੀ ਜਾਵੇਗੀ। ਜੇ ਕੋਈ ਪੁਲਿਸ ਅਧਿਕਾਰੀ ਡਿਊਟੀ ਤੋਂ ਗੈਰ-ਹਾਜ਼ਰ ਮਿਲਿਆ ਤਾਂ ਉਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਗੱਡੀ ਨਿਕਲੀ ਤਾਂ ਕੁੜੀ ਨੇ ਕਿਹਾ ਡਰੋ ਨਹੀਂ, ਕੋਈ ਕੁਝ ਨਹੀਂ ਕਹਿੰਦਾ।