BBMB ਵੱਲੋਂ ਪੋਂਗ ਡੈਮ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ; ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪੋਂਗ ਡੈਮ ਦੇ ਨਿਰਮਾਣ ਵਿੱਚ ਮਜ਼ਦੂਰਾਂ ਅਤੇ ਇੰਜਨੀਅਰਾਂ ਦੀ ਅਥਾਹ ਮਿਹਨਤ ਅਤੇ ਸਮਰਪਣ ਕਾਰਨ ਹੀ ਇਹ ਪ੍ਰੋਜੈਕਟ ਦੇਸ਼ ਦਾ ਮਾਣ ਬਣਿਆ। ਉਨ੍ਹਾਂ ਨੇ ਮਜ਼ਦੂਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਸੰਸਥਾ ਦੀ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ।
Publish Date: Fri, 01 May 2026 01:46 PM (IST)
Updated Date: Fri, 01 May 2026 02:21 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਪੋਂਗ ਡੈਮ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਹ ਸਮਾਗਮ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਪੋਂਗ ਡੈਮ ‘ਤੇ ਸਥਿਤ ਸ਼ਹੀਦੀ ਸਮਾਰਕ ‘ਤੇ ਮੁੱਖ ਮਹਿਮਾਨ ਸਮੇਤ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ ਅਤੇ ਯੂਨਿਅਨ ਆਗੂਆਂ ਵੱਲੋਂ ਫੁੱਲ ਮਾਲਾਵਾਂ ਭੇਂਟ ਕਰਕੇ ਡੈਮ ਦੇ ਨਿਰਮਾਣ ਦੌਰਾਨ ਬਲਿਦਾਨ ਦੇਣ ਵਾਲੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੋਂਗ ਡੈਮ ਦੇ ਨਿਰਮਾਣ ਵਿੱਚ ਮਜ਼ਦੂਰਾਂ ਅਤੇ ਇੰਜਨੀਅਰਾਂ ਦੀ ਅਥਾਹ ਮਿਹਨਤ ਅਤੇ ਸਮਰਪਣ ਕਾਰਨ ਹੀ ਇਹ ਪ੍ਰੋਜੈਕਟ ਦੇਸ਼ ਦਾ ਮਾਣ ਬਣਿਆ। ਉਨ੍ਹਾਂ ਨੇ ਮਜ਼ਦੂਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਸੰਸਥਾ ਦੀ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ।
ਮੁੱਖ ਮਹਿਮਾਨ ਮਨਵੀਨ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਦੂਰ ਕਿਸੇ ਵੀ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦੇ ਬਿਨਾਂ ਵਿਕਾਸ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਦੀਆਂ ਉਪਲਬਧੀਆਂ ਵਿੱਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਦਾ ਵੱਡਾ ਯੋਗਦਾਨ ਹੈ। ਮਜ਼ਦੂਰਾਂ ਦੀ ਸੁਰੱਖਿਆ, ਸਿਹਤ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਊੱਭੀ, ਗੌਰਵ ਲਾਂਬਾ, ਐਸਡੀਓ ਧਰਮਿੰਦਰ ਸਿੰਘ, ਸੂਭਮ ਸਿੰਘ, ਗਿਆਨਇੰਦਰ ਅਤੇ ਯੂਨਿਅਨ ਆਗੂ ਸ਼ਿਵ ਕੁਮਾਰ ਤੇ ਵਿਜੈ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ।