ਨੈਸ਼ਨਲ ਹਾਈਵੇ ਦੇ ਖਰਾਬ ਹਾਲਾਤ ਦੀ ਮੇਅਰ ਨੂੰ ਸ਼ਿਕਾਇਤ
ਜਾਗਰਣ ਸੰਵਾਦਦਾਤਾ, ਜਲੰਧਰ
Publish Date: Thu, 20 Nov 2025 10:20 PM (IST)
Updated Date: Thu, 20 Nov 2025 10:22 PM (IST)
ਜਾਗਰਣ ਸੰਵਾਦਦਾਤਾ, ਜਲੰਧਰ ਸ਼੍ਰੀ ਹਿੰਦੂ ਤਖ਼ਤ ਦੇ ਨੁਮਾਇੰਦਿਆਂ ਨੇ ਮੇਅਰ ਵਨੀਤ ਧੀਰ ਨੂੰ ਸ਼ਿਕਾਇਤ ਦਿੰਦਿਆਂ ਨੈਸ਼ਨਲ ਹਾਈਵੇ ਤੇ ਸ਼ਹਿਰ ਦੀਆਂ ਸੜਕਾਂ ਦੇ ਖਰਾਬ ਹਾਲਾਤ ਦਾ ਮੁੱਦਾ ਉਠਾਇਆ ਹੈ। ਇਸ ਸਬੰਧੀ ਕੁਨਾਲ ਅਗਰਵਾਲ ਨੇ ਕਿਹਾ ਕਿ ਕਈ ਥਾਵਾਂ ’ਤੇ ਖਰਾਬ ਸੜਕਾਂ ਜਾਨਲੇਵਾ ਸਾਬਤ ਹੋ ਰਹੀਆਂ ਹਨ। ਲੰਮਾ ਪਿੰਡ ਚੌਕ ਨੇੜੇ ਸੜਕ ਬਹੁਤ ਹੀ ਖਸਤਾ ਹਾਲ ਹੈ। ਪਠਾਨਕੋਟ ਬਾਈਪਾਸ ਤੋਂ ਲੈ ਕੇ ਫੋਕਲ ਪੁਆਇੰਟ ਤੱਕ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ’ਤੇ ਡੂੰਘੇ ਟੋਏ ਹਨ ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਸ਼ਹਿਰ ’ਚ ਕਈ ਥਾਵਾਂ ’ਤੇ ਬਣੀਆਂ ਸੜਕਾਂ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ, ਜਦਕਿ ਟੁੱਟੀਆਂ ਸੜਕਾਂ ’ਤੇ ਕੋਈ ਕੰਮ ਨਹੀਂ ਹੋ ਰਿਹਾ। ਇਨ੍ਹਾਂ ਖਰਾਬ ਸੜਕਾਂ ’ਤੇ ਹਰ ਰੋਜ਼ ਕਿਤੇ ਨਾ ਕਿਤੇ ਈ-ਰਿਕਸ਼ਾ ਤੇ ਦੋ ਪਹੀਆ ਵਾਹਨ ਉਲਟ ਰਹੇ ਹਨ। ਇਸ ਤੋਂ ਇਲਾਵਾ, ਪਠਾਨਕੋਟ ਬਾਈਪਾਸ ਤੋਂ ਫੋਕਲ ਪੁਆਇੰਟ ਦੀ ਸਰਵਿਸ ਲੇਨ ਕੂੜੇ ਦਾ ਡੰਪ ਬਣੀ ਹੋਈ ਹੈ। ਮੇਅਰ ਨੇ ਭਰੋਸਾ ਦੁਆਇਆ ਕਿ ਇਨ੍ਹਾਂ ਸਾਰੇ ਮੁੱਦਿਆਂ ’ਤੇ ਧਿਆਨ ਦਿੱਤਾ ਜਾਵੇਗਾ। ਲੰਮਾ ਪਿੰਡ ਚੌਕ ਦੀ ਐੱਨਓਸੀ ਨੈਸ਼ਨਲ ਹਾਈਵੇ ਅਥਾਰਟੀ ਤੋਂ ਛੇਤੀ ਹੀ ਪ੍ਰਾਪਤ ਹੋਵੇਗੀ ਤੇ ਕੰਮ ਸ਼ੁਰੂ ਕੀਤਾ ਜਾਵੇਗਾ।