ਉਦੋਂ ਮੰਡੀ ਰੋਡ ’ਤੇ ਫ਼ਿਲਮ ਡਿਸਟ੍ਰੀਬਿਊਟਰਾਂ ਦੇ ਦਫ਼ਤਰਾਂ ਦੇ ਬਾਹਰ ਘੰਟਿਆਂ ਤੱਕ ਦਿਲੀਪ ਕੁਮਾਰ ਵਾਂਗ ਜੁਲਫ਼ਾਂ ਸੰਵਾਰਦੇ ਰਹਿੰਦੇ ਸਨ ਧਰਮਿੰਦਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ 22 ਸਤੰਬਰ 2018 ਨੂੰ ਮੁੰਬਈ ਦੇ ਜੁਹੂ ’ਚ ਸਥਿਤ ਫ਼ਿਲਮੀ ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ ਫਾਰਮ ਹਾਊਸ ’ਤੇ ਮਿਲਣ ਗਏ ਸਨ। ਰਾਜਾ ਦੇ ਨਾਲ ਉਨ੍ਹਾਂ ਦੀ ਧੀ ਦੀਪਿਕਾ ਸੇਤੀਆ, ਲੁਧਿਆਣਾ ਦੇ ਤਤਕਾਲੀਨ ਮੇਅਰ ਬਲਕਾਰ ਸੰਧੂ, ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਤੇ ਰਾਜਾ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਵੀ ਮੌਜੂਦ ਸਨ। ਸਾਬਕਾ ਮੇਅਰ ਸਮਾਰਟ ਸਿਟੀ ਦੀ ਕਾਨਫਰੰਸ ’ਚ ਹਿੱਸਾ ਲੈਣ ਮੁੰਬਈ ਗਏ ਹੋਏ ਸਨ। ਰਾਜਾ ਦੱਸਦੇ ਹਨ ਕਿ ਧਰਮਿੰਦਰ ਨੇ ਬਹੁਤ ਹੀ ਗਰਮਜੋਸ਼ੀ ਨਾਲ ਸਭ ਦਾ ਸਵਾਗਤ ਕੀਤਾ ਤੇ ਦੋ ਘੰਟਿਆਂ ਤੋਂ ਵੱਧ ਸਮਾਂ ਉਨ੍ਹਾਂ ਨਾਲ ਗੱਲਬਾਤ ’ਚ ਬਿਤਾਇਆ। ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸਾਬਕਾ ਮੇਅਰ ਨੇ ਦੱਸਿਆ ਕਿ ਫ਼ਿਲਮੀ ਪਰਦੇ ਤੋਂ ਇਲਾਵਾ ਧਰਮਿੰਦਰ ਬਹੁਤ ਜ਼ਿੰਦਾਦਿਲ ਇਨਸਾਨ ਸਨ ਖਾਸ ਕਰ ਕੇ ਜਦੋਂ ਸਾਹਮਣੇ ਕੋਈ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੋਵੇ। ਸਾਰੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਖੁੱਲ੍ਹ ਕੇ ਪੰਜਾਬੀ ’ਚ ਗੱਲਾਂ ਕੀਤੀਆਂ ਤੇ ਲੁਧਿਆਣਾ-ਜਲੰਧਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਰਹੇ। ਪੁਰਾਣੇ ਦਿਨ ਯਾਦ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਫਗਵਾੜਾ ’ਚ ਤਾਇਨਾਤ ਸਨ, ਤਾਂ ਉਹ ਅਕਸਰ ਕਰਤਾਰ ਬੱਸ ਰਾਹੀਂ ਰੇਲਵੇ ਰੋਡ ਸਥਿਤ ਸੰਤ ਸਿਨੇਮਾ ’ਚ ਫ਼ਿਲਮ ਵੇਖਣ ਆਉਂਦੇ ਸਨ। ਫ਼ਿਲਮ ਦੇਖਣ ਤੋਂ ਬਾਅਦ ਉਹ ਮੰਡੀ ਰੋਡ ’ਤੇ ਫ਼ਿਲਮ ਡਿਸਟ੍ਰੀਬਿਊਟਰਾਂ ਦੇ ਦਫ਼ਤਰਾਂ ਦੇ ਬਾਹਰ ਲੱਗੇ ਪੋਸਟਰ ਵੇਖ ਕੇ ਘੰਟਿਆਂ ਤਕ ਸ਼ੋਮੈਨ ਦਿਲੀਪ ਕੁਮਾਰ ਵਾਂਗ ਆਪਣੀਆਂ ਜੁਲਫ਼ਾਂ ਸੰਵਾਰਦੇ ਰਹਿੰਦੇ ਸਨ। ਕੁੱਝ ਸਮੇਂ ਬਾਅਦ ਫ਼ਿਲਮਫੇਅਰ ਦੇ ਇੱਕ ਟੈਲੈਂਟ ਸਰਚ ਪ੍ਰੋਗਰਾਮ ਰਾਹੀਂ ਉਨ੍ਹਾਂ ਲਈ ਮੁੰਬਈ ਦਾ ਰਾਹ ਖੁੱਲਿ੍ਹਆ। ਉਸ ਵੇਲੇ ਫ਼ਿਲਮ ਪ੍ਰਮੋਸ਼ਨ ਲਈ ਹੱਥ ਨਾਲ ਪੇਂਟ ਕੀਤੇ ਪੋਸਟਰ ਬਣਾਉਣ ਦਾ ਰਿਵਾਜ਼ ਸੀ। ਰਾਜਾ ਨੇ ਦੱਸਿਆ ਕਿ ਧਰਮਿੰਦਰ ਨੇ ਉਨ੍ਹਾਂ ਦੀ ਧੀ ਦੀਪਿਕਾ ਤੋਂ ਵੀ ਪੁੱਛਿਆ ਸੀ ਕਿ ਕੀ ਉਹ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ, ਪਰ ਉਸ ਨੇ ਸਾਫ਼ ਮਨਾਂ ਕਰ ਦਿੱਤਾ। ਜਗਦੀਸ਼ ਰਾਜ ਰਾਜਾ ਨੇ ਕਿਹਾ ਕਿ ਅੱਜ ਭਾਵੇਂ ਉਹ ਸਾਨੂੰ ਛੱਡ ਗਏ ਹਨ, ਪਰ ਉਨ੍ਹਾਂ ਦੀ ਅਦਾਕਾਰੀ ਹੀ ਨਹੀਂ, ਉਨ੍ਹਾਂ ਦੀ ਜ਼ਿੰਦਾਦਿਲੀ ਹਮੇਸ਼ਾ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਰਹੇਗੀ।
---------------------------
- ਕਰਤਾਰਪੁਰ ’ਚ ਸ਼ੂਟਿੰਗ ਲਈ ਆਏ ਧਰਮਿੰਦਰ ਨੇ ਮਨਾਇਆ ਸੀ ਆਪਣਾ 79ਵਾਂ ਜਨਮ ਦਿਨ
ਆਪਣੇ 79ਵੇਂ ਜਨਮ ਦਿਨ ’ਤੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਿਹਾ ਸੀ ਕਿ 55 ਸਾਲਾਂ ਬਾਅਦ ਪੰਜਾਬ ’ਚ ਜਨਮ ਦਿਨ ਮਨਾਉਣਾ ਬਹੁਤ ਖ਼ਾਸ ਹੈ। ਇਹ ਮੇਰੇ ਲਈ ਘਰ ਵਾਪਸੀ ਵਰਗਾ ਹੈ ਕਿਉਂਕਿ ਜਲੰਧਰ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ। ਕਰਤਾਰਪੁਰ ’ਚ ਆਪਣੀ ਆਉਣ ਵਾਲੀ ਫ਼ਿਲਮ ਸੈਕੰਡ ਹੈਂਡ ਹਜ਼ਬੈਂਡ ਦੇ ਸੈੱਟ ’ਤੇ ਜਨਮ ਦਿਨ ਮਨਾਉਂਦੇ ਹੋਏ ਉਹ ਇਮੋਸ਼ਨਲ ਹੋ ਗਏ। ਬੀਤੇ ਜ਼ਮਾਨੇ ਦੇ ਸਭ ਤੋਂ ਹੈਂਡਸਮ ਅਦਾਕਾਰਾਂ ’ਚੋਂ ਇੱਕ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਦਿਮਾਗ ਦੀ ਬਜਾਏ ਉਨ੍ਹਾਂ ਦੇ ਦਿਲਾਂ ’ਚ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਦਿਮਾਗ ਕਈ ਵਾਰ ਯਾਦਾਂ ਨੂੰ ਖਤਮ ਕਰ ਦਿੰਦਾ ਹੈ, ਪਰ ਦਿਲ ਉਨ੍ਹਾਂ ਨੂੰ ਸਦਾ ਸੰਭਾਲ ਕੇ ਰੱਖਦਾ ਹੈ। ਉਹ ਸ਼ਹਿਰ ’ਚ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਸੰਤ ਸਿਨੇਮਾ ’ਚ ਜਨਮ ਦਿਨ ਮਨਾਉਣਾ ਚਾਹੁੰਦੇ ਸਨ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇੱਥੇ ਹੀ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ’ਚ ਆਉਣ ਲਈ ਪ੍ਰੇਰਨਾ ਮਿਲੀ। 70 ਦੇ ਦਹਾਕੇ ਦੇ ਸਭ ਤੋਂ ਚਾਹਵੇਂ ਰੋਮਾਂਟਿਕ ਹੀਰੋ, ਜਿਨ੍ਹਾਂ ਦਾ ਜਨਮ 1935 ’ਚ ਖੰਨਾ ਦੇ ਨੇੜੇ ਨਸਰਾਲੀ ਪਿੰਡ ’ਚ ਹੋਇਆ ਸੀ, ਨੇ ਦੱਸਿਆ ਕਿ ‘ਮੈਂ ਬਿਨਾਂ ਟਿਕਟ ਬੱਸ ਰਾਹੀਂ ਜਲੰਧਰ ਆ ਕੇ ਸੰਤ ਸਿਨੇਮਾ ’ਚ ਫ਼ਿਲਮਾਂ ਵੇਖਦਾ ਸੀ। ਇੱਕ ਵਾਰ ਕੰਡਕਟਰ ਨੇ ਮੈਨੂੰ ਜਾਣ ਨਹੀਂ ਦਿੱਤਾ, ਤਾਂ ਮੈਂ ਚੁੱਪਚਾਪ ਬੱਸ ਦੀ ਛੱਤ ’ਤੇ ਫੁੱਲਗੋਭੀ ਦੇ ਬੰਦੇ ਪਿੱਛੇ ਲੁਕ ਗਿਆ। ਬਹਿਸ ਤੋਂ ਬਾਅਦ ਕੰਡਕਟਰ ਨੇ ਮੈਨੂੰ ਹੇਠਾਂ ਖਿੱਚ ਲਿਆ।’ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਹਰ ਰਾਤ ਵੱਡਾ ਗਿਲਾਸ ਦੁੱਧ ਪਿਲਾਉਣ ਲਈ ਜ਼ੋਰ ਦਿੰਦੇ ਸਨ।