ਸਰੀਨ ਹਸਪਤਾਲ ਦੇ ਬਾਹਰ ਖੋਹਬਾਜ਼ੀ ਦੀ ਕੋਸ਼ਿਸ਼
ਸਰੀਨ ਹਸਪਤਾਲ ਦੇ ਬਾਹਰ ਖੋਹਬਾਜ਼ੀ ਦੀ ਕੋਸ਼ਿਸ਼, ਟੱਕਰ ਤੋਂ ਬਾਅਦ ਮੁਲਜ਼ਮ ਭੱਜ ਗਿਆ
Publish Date: Fri, 30 Jan 2026 09:23 PM (IST)
Updated Date: Fri, 30 Jan 2026 09:25 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਰੀਨ ਹਸਪਤਾਲ ਦੇ ਬਾਹਰ ਉਦੋਂ ਹੰਗਾਮਾ ਮਚ ਗਿਆ ਜਦੋਂ ਖੋਹਬਾਜ਼ ਨੇ ਔਰਤ ਦਾ ਮੋਬਾਈਲ ਫ਼ੋਨ ਖੋਹ ਲਿਆ ਤੇ ਭੱਜ ਗਿਆ। ਔਰਤ ਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਤੇ ਇੱਕ ਸਥਾਨਕ ਨੌਜਵਾਨ ਨੇ ਖੋਹਬਾਜ਼ ਦਾ ਪਿੱਛਾ ਕੀਤਾ। ਭੱਜਦੇ ਸਮੇਂ ਮੁਲਜ਼ਮ ਦਾ ਮੋਟਰਸਾਈਕਲ ਇਕ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਉਹ ਕੰਟਰੋਲ ਗੁਆ ਬੈਠਾ। ਮੁਲਜ਼ਮ ਮੋਟਰਸਾਈਕਲ ਛੱਡ ਕੇ ਭੱਜ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ, ਚੋਰੀ ਕੀਤਾ ਮੋਬਾਈਲ ਫ਼ੋਨ ਬਰਾਮਦ ਕੀਤਾ ਤੇ ਔਰਤ ਨੂੰ ਵਾਪਸ ਕਰ ਦਿੱਤਾ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੇ ਪੀਸੀਆਰ ਟੀਮ ਮੌਕੇ ਤੇ ਪਹੁੰਚੀ। ਪੀਸੀਆਰ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਉਹ ਪੁੱਜੇ ਪੀੜਤ ਨੂੰ ਪਹਿਲਾਂ ਹੀ ਉਸ ਦਾ ਮੋਬਾਈਲ ਫ਼ੋਨ ਮਿਲ ਚੁੱਕਾ ਸੀ, ਜਦੋਂ ਕਿ ਮੁਲਜ਼ਮ ਭੱਜਣ ’ਚ ਕਾਮਯਾਬ ਹੋ ਗਿਆ ਸੀ। ਚਸ਼ਮਦੀਦਾਂ ਅਨੁਸਾਰ ਫੜੇ ਜਾਣ ਤੋਂ ਬਾਅਦ ਮੁਲਜ਼ਮ ਨੇ ਦੱਸਿਆ ਕਿ ਉਹ ਗੰਭੀਰ ਬਿਮਾਰੀ ਤੋਂ ਪੀੜਤ ਹੈ, ਜਿਸ ਕਾਰਨ ਭੀੜ ਨੇ ਉਸ ਨੂੰ ਛੱਡ ਦਿੱਤਾ। ਪੁਲਿਸ ਨੇ ਘਟਨਾ ਸਥਾਨ ਤੋਂ ਬਿਨਾਂ ਨੰਬਰ ਪਲੇਟ ਵਾਲਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਮੋਟਰਸਾਈਕਲ ਨੂੰ ਜਾਂਚ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।