ਚੋਰੀ ਮਗਰੋਂ ਮਕਾਨ ਮਾਲਕਾਂ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼, ਤਿੰਨ ਜਣਿਆਂ ਨੂੰ ਸਜ਼ਾ
ਚੋਰੀ ਮਗਰੋਂ ਮਕਾਨ ਮਾਲਕਾਂ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼, ਤਿੰਨ ਮੁਲਜ਼ਮਾਂ ਨੂੰ ਸਜ਼ਾ
Publish Date: Thu, 08 Jan 2026 09:09 PM (IST)
Updated Date: Thu, 08 Jan 2026 09:12 PM (IST)

-ਸ਼ਾਹਕੋਟ ਕਾਂਡ ’ਚ ਅਦਾਲਤ ਦਾ ਫੈਸਲਾ; ਦੋ ਮੁਲਜ਼ਮਾਂ ਨੂੰ 7-7 ਸਾਲ ਤੇ ਇਕ ਨੂੰ ਇਕ ਸਾਲ ਕੈਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਜ਼ਿਲ੍ਹਾ ਅਦਾਲਤ ਨੇ ਚੋਰੀ ਕਰਕੇ ਮਕਾਨ ਮਾਲਕਾਂ ਨੂੰ ਅੱਗ ਲਗਾ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਮੁਲਜ਼ਮ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਕਰਤਾਰਪੁਰ ਦੀ ਰਹਿਣ ਵਾਲੀ ਸੁਸ਼ੀਲਾ ਤੇ ਤਿਹੰਗ, ਫਿਲੌਰ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਕੀ ਨੂੰ 7–7 ਸਾਲ ਕੈਦ ਤੇ 80-80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਸ਼ਾਮਲ ਤੀਜੇ ਮੁਲਜ਼ਮ, ਰਾਮਾ ਮੰਡੀ ਜਲੰਧਰ ਦੇ ਰਹਿਣ ਵਾਲੇ ਦਿਲਸ਼ਾਦ ਉਰਫ਼ ਰਜਤ ਨੂੰ ਇਕ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। ਇਹ ਮਾਮਲਾ 5 ਫਰਵਰੀ 2021 ਨੂੰ ਥਾਣਾ ਸ਼ਾਹਕੋਟ ’ਚ ਸੀਤਾ ਗੋਇਲ ਪਤਨੀ ਰਮੇਸ਼ ਕੁਮਾਰ ਗੋਇਲ, ਵਾਸੀ ਕਰਤਾਰ ਨਗਰ ਸ਼ਾਹਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ਸੀਤਾ ਗੋਇਲ ਤੇ ਉਨ੍ਹਾਂ ਦੇ ਪਤੀ ਰਮੇਸ਼ ਗੋਇਲ ਬਜ਼ੁਰਗ ਹਨ ਤੇ ਉਨ੍ਹਾਂ ਦੇ ਪੁੱਤਰਾਂ ਨੇ ਇੰਟਰਨੈੱਟ ਰਾਹੀਂ ਦਿੱਲੀ ਦੀ ਇਕ ਏਜੰਸੀ ਤੋਂ ਸੁਸ਼ੀਲਾ ਨਾਮ ਦੀ ਔਰਤ ਨੂੰ ਘਰ ’ਚ ਦੇਖਭਾਲ ਲਈ ਰੱਖਿਆ ਸੀ। ਸੁਸ਼ੀਲਾ ਲਗਪਗ ਛੇ ਮਹੀਨੇ ਤੱਕ ਉਨ੍ਹਾਂ ਦੇ ਘਰ ਰਹੀ ਤੇ ਘਰ ਦੀ ਪੂਰੀ ਜਾਣਕਾਰੀ ਹਾਸਲ ਕਰ ਲਈ। 30 ਜਨਵਰੀ 2021 ਦੀ ਰਾਤ ਮੁਲਜ਼ਮਾਂ ਨੇ ਸੀਤਾ ਗੋਇਲ ਅਤੇ ਉਨ੍ਹਾਂ ਦੇ ਪਤੀ ਨੂੰ ਦਾਲ ਤੇ ਸਬਜ਼ੀ ’ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਖੁਆ ਦਿੱਤੀਆਂ, ਜਿਸ ਨਾਲ ਦੋਵੇਂ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਘਰ ’ਚ ਰੱਖੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸਾਜ਼ਿਸ਼ ਤਹਿਤ ਮਕਾਨ ਮਾਲਕਾਂ ਨੂੰ ਮਾਰਨ ਦੇ ਇਰਾਦੇ ਨਾਲ ਰਸੋਈ ਤੋਂ ਗੈਸ ਸਿਲੰਡਰ ਕੱਢ ਕੇ ਉਸ ਦੀ ਪਾਈਪ ਨੂੰ ਅੱਗ ਲਗਾਈ ਗਈ ਤੇ ਸੜਦੀ ਹੋਈ ਪਾਈਪ ਬਿਸਤਰ ਹੇਠਾਂ ਰੱਖ ਦਿੱਤੀ ਗਈ, ਜਿਸ ਨਾਲ ਕਮਰੇ ’ਚ ਅੱਗ ਲੱਗ ਗਈ। ਰਾਤ ਕਰੀਬ 10-11 ਵਜੇ ਸੀਤਾ ਗੋਇਲ ਦੀ ਅੱਖ ਖੁੱਲ੍ਹੀ ਤਾਂ ਕਮਰੇ ’ਚ ਧੂੰਆ ਭਰਿਆ ਹੋਇਆ ਸੀ ਤੇ ਪਲੰਗ ਸੜ ਰਿਹਾ ਸੀ। ਦਰਵਾਜ਼ਾ ਬਾਹਰੋਂ ਬੰਦ ਸੀ। ਰੌਲਾ ਪਾਉਣ ’ਤੇ ਪੁੱਤਰਾਂ ਨੇ ਦਰਵਾਜ਼ਾ ਤੇ ਖਿੜਕੀ ਤੋੜ ਕੇ ਦੋਵੇਂ ਨੂੰ ਬਾਹਰ ਕੱਢਿਆ ਤੇ ਅੱਗ ਬੁਝਾਈ। ਇਸ ਤੋਂ ਬਾਅਦ ਦੋਵੇਂ ਨੂੰ ਗੰਭੀਰ ਹਾਲਤ ’ਚ ਡੀਐੱਮਸੀ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲਿਆ। ਜਾਂਚ ਦੌਰਾਨ ਪੁਲਿਸ ਨੇ ਘਟਨਾ ਸਥਾਨ ਤੋਂ ਸੜਿਆ ਹੋਇਆ ਬਿਸਤਰ, ਗੈਸ ਸਿਲੰਡਰ, ਰੈਗੂਲੇਟਰ ਤੇ ਪਾਈਪ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਸੁਸ਼ੀਲਾ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਉਰਫ਼ ਲੱਕੀ ਨਾਲ ਰਲ ਕੇ ਚੋਰੀ ਤੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਹੇ ਸਨ ਤੇ ਇਸ ਲਈ ਪੈਸਿਆਂ ਦੀ ਲੋੜ ਸੀ। ਇਸ ਸਾਜ਼ਿਸ਼ ’ਚ ਦਿਲਸ਼ਾਦ ਉਰਫ਼ ਰਜਤ ਵੀ ਸ਼ਾਮਲ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਲੰਬੀ ਸੁਣਵਾਈ ਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਤਿੰਨਾਂ ਨੂੰ ਮੁਲਜ਼ਮ ਠਹਿਰਾਉਂਦੇ ਹੋਏ ਸਜ਼ਾ ਸੁਣਾਈ।