ਦੇਰ ਰਾਤ ਸੈਰ ਕਰ ਰਹੇ 'ਤੇ ਲੁਟੇਰਿਆਂ ਵੱਲੋਂ ਹਮਲਾ
ਲੁਟੇਰਿਆ ਵੱਲੋਂ ਦੇਰ ਰਾਤ ਸੈਰ ਕਰ ਰਹੇ ਵਿਅਕਤੀ 'ਤੇ ਹਮਲਾ
Publish Date: Thu, 22 Jan 2026 09:39 PM (IST)
Updated Date: Fri, 23 Jan 2026 04:16 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਲੰਮਾ ਪਿੰਡ ਦੇ ਸੇਠੀ ਇੰਡਸਟਰੀ ਰੋਡ ਤੇ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਲੁਟੇਰਿਆਂ ਨੇ ਸਾਬਕਾ ਕੌਂਸਲਰ ਪ੍ਰਤਾਪ ਸਿੰਘ ਤੇ ਹਮਲਾ ਕਰ ਦਿੱਤਾ। ਪੀੜਤ ਅਨੁਸਾਰ ਉਹ ਆਮ ਵਾਂਗ ਰਾਤ 11 ਵਜੇ ਸੈਰ ਲਈ ਘਰੋਂ ਨਿਕਲਿਆ ਹੋਇਆ ਸੀ, ਜਦੋਂ ਤਿੰਨ ਅਣਪਛਾਤੇ ਨੌਜਵਾਨ ਉਸ ਕੋਲ ਆਏ ਤੇ ਉਸ ਦਾ ਮੋਬਾਈਲ ਫੋਨ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰਤਾਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਲੁਟੇਰੇ ਉਸ ਦਾ ਫੋਨ ਖੋਹਣ ’ਚ ਅਸਫਲ ਰਹੇ ਅਤੇ ਮੌਕੇ ਤੋਂ ਭੱਜ ਗਏ। ਦੱਸਿਆ ਗਿਆ ਹੈ ਕਿ ਹਮਲਾਵਰ ਪਹਿਲਾਂ ਪੈਦਲ ਪੀੜਤ ਕੋਲ ਪਹੁੰਚੇ ਤੇ ਵਾਰਦਾਤ ਕਰਨ ਮਗਰੋਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਘਟਨਾ ਤੋਂ ਬਾਅਦ ਜ਼ਖ਼ਮੀ ਪ੍ਰਤਾਪ ਸਿੰਘ ਨੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਰ ਰਾਤ ਕਿਸੇ ਨੇ ਵੀ ਉਸ ਦੀ ਫ਼ੋਨ ਦਾ ਜਵਾਬ ਨਹੀਂ ਦਿੱਤਾ। ਉਸ ਨੂੰ ਇਲਾਜ ਲਈ ਖ਼ੁਦ ਹਸਪਤਾਲ ਜਾਣ ਲਈ ਮਜਬੂਰ ਕੀਤਾ ਗਿਆ। ਅਗਲੀ ਸਵੇਰ ਜਦੋਂ ਕਿਸ਼ਨ ਲਾਲ ਸ਼ਰਮਾ 26 ਜਨਵਰੀ ਦੇ ਸਮਾਗਮ ’ਚ ਸੱਦਾ ਦੇਣ ਲਈ ਪ੍ਰਤਾਪ ਸਿੰਘ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਹਮਲੇ ਬਾਰੇ ਪਤਾ ਲੱਗਾ। ਕਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਰਾਮਾ ਮੰਡੀ ਥਾਣੇ ਦੇ ਇੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਸੀ। ਫਿਰ ਉਨ੍ਹਾਂ ਡੀਐੱਸਪੀ ਸੈਂਟਰਲ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਹੱਥਾਂ ’ਚ ਹਥਿਆਰ ਲੈ ਕੇ ਭੱਜ ਰਹੇ ਹਨ।