ਆਰੀਅਨ ਤੇ ਅਰਸ਼ਦੀਪ ਦਾ ਕਤਲ ਨਹੀਂ ਸਗੋਂ ਹਾਦਸੇ ਕਰ ਕੇ ਹੋਈ ਸੀ ਮੌਤ
ਆਰੀਅਨ ਤੇ ਅਰਸ਼ਦੀਪ ਦਾ ਕਤਲ ਨਹੀਂ ਸਗੋਂ ਹਾਦਸੇ ਕਰਕੇ ਹੋਈ ਸੀ ਮੌਤ
Publish Date: Thu, 22 Jan 2026 09:17 PM (IST)
Updated Date: Fri, 23 Jan 2026 04:16 AM (IST)

- ਪੁਲਿਸ ਜਾਂਚ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦੀ ਸੱਚਾਈ ਆਈ ਸਾਹਮਣੇ - ਟੱਕਰ ਦਾ ਕਾਰਨ ਬਣਿਆ ਰੇਹੜਾ ਬਰਾਮਦ ਤੇ ਮਾਲਕ ਨੂੰ ਵੀ ਕਰ ਲਿਆ ਗ੍ਰਿਫ਼ਤਾਰ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਹਫਤਾ ਪਹਿਲਾਂ ਬੁੱਲ੍ਹੋਵਾਲ ਰੋਡ ’ਤੇ ਪੈਦੇ ਪਿੰਡ ਬਹਿਰਾਮ ਸਰਿਸ਼ਤਾ ਤੋਂ ਇੱਟਾਂਬੱਧੀ ਸੜਕ ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਪੁਲਿਸ ਅਧਿਕਾਰੀਆਂ ਨੇ ਹੱਲ ਕਰਨ ਦਾ ਦਾਅਵਾ ਕੀਤਾ। ਪੁਲਿਸ ਮੁਤਾਬਕ ਦੋਵਾਂ ਨੌਜਵਾਨਾਂ ਦੀ ਮੌਤ ਕਤਲ ਨਹੀਂ ਬਲਕਿ ਇਕ ਹਾਦਸਾ ਸੀ। ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਗੋਪੇਸ਼ ਉਰਫ ਆਰੀਅਨ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਗੇਹਲੜਾਂ ਤੇ ਅਰਸ਼ਦੀਪ ਸਿੰਘ ਪੁੱਤਰ ਪੁੱਤਰ ਮੁਖਤਿਆਰ ਸਿੰਘ ਵਾਸੀ ਭੁੰਦੀਆਂ ਦੀਆਂ ਲਾਸ਼ਾਂ ਸੜਕ ਉੱਪਰ ਪਈਆਂ ਮਿਲਿਆ ਸੀ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਟੁੱਟਾ ਪਿਆ ਸੀ। ਪੁਲਿਸ ਨੇ ਮਿ੍ਤਕ ਆਰੀਅਨ ਦੀ ਮਾਂ ਮਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਭੁੰਦੀਆਂ ਦੇ ਬਿਆਨਾਂ ਤੇ 194 ਬੀਐੱਨਐੱਸਐੱਸ ਦੀ ਕਾਰਵਾਈ ਅਮਲ ’ਚ ਲਿਆਂਦੀ। ਬਾਅਦ ’ਚ ਮਿ੍ਤਕ ਨੌਜਵਾਨਾਂ ਦੇ ਪਰਿਵਾਰਾਂ ਨੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਲੜਕਿਆਂ ਨੂੰ ਪਿੰਡ ਬਹਿਰਾਮ ਸਰਿਸ਼ਤਾ ਦੇ ਨੌਜਵਾਨ ਕਰਨ ਤੇ ਉਸ ਦੇ ਸਾਥੀਆਂ ਨੇ ਮਾਰ ਕੇ ਸੁੱਟ ਦਿੱਤਾ ਹੈ। ਦੋਹਾਂ ਪਰਿਵਾਰਾਂ ਨੇ ਆਪਣੇ ਸਮਰਥਕਾਂ ਨਾਲ ਥਾਣੇ ਸਾਹਮਣੇ ਕੌਮੀ ਮਾਰਗ ਤੇ ਚਾਰ ਘੰਟੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਰੱਖੀ। ਪੁਲਿਸ ਅਧਿਕਾਰੀਆਂ ਨੇ ਦੋਹਾਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਚਾਰ ਦਿਨਾਂ ਅੰਦਰ ਦੋਹਾਂ ਨੌਜਵਾਨਾਂ ਦੇ ਕਾਤਲ ਲੱਭ ਲਏ ਜਾਣਗੇ। ਵੱਖ-ਵੱਖ ਜੱਥੇਬੰਦੀਆਂ ਨੇ ਵੀ ਸੱਚ ਸਾਹਮਣੇ ਲਿਆਉਣ ਲਈ ਪੁਲਿਸ ਪ੍ਰਸ਼ਾਸਨ ਤੇ ਦਬਾਅ ਪਾਇਆ। ਪੁਲਿਸ ਅਧਿਕਾਰੀਆਂ ਨੇ ਤਕਨੀਕੀ ਸਾਧਨਾਂ ਤੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਇਹ ਸਬੂਤਾਂ ਸਮੇਤ ਨਤੀਜਾ ਸਾਹਮਣੇ ਲਿਆਂਦਾ ਕਿ ਪਿੰਡ ਬਹਿਰਾਮ ਸਰਿਸ਼ਤਾ ਦੇ ਵਾਸੀ ਜਰਨੈਲ ਸਿੰਘ ਪੁੱਤਰ ਗਿਆਨ ਸਿੰਘ ਨੇ ਆਪਣਾ ਰੇਹੜਾ ਸੜਕ ਉੱਪਰ ਖੜ੍ਹਾ ਕੀਤਾ ਹੋਇਆ ਸੀ, ਜਿਸ ’ਚ ਮੋਟਰਸਾਈਕਲ ਵੱਜਣ ਕਰ ਕੇ ਦੋਹਾਂ ਨੌਜਵਾਨਾਂ ਦੀ ਮੌਤ ਹੋਈ। ਰੇਹੜੇ ਦਾ ਵੀ ਨੁਕਸਾਨ ਹੋਇਆ ਪਰ ਜਰਨੈਲ ਸਿੰਘ ਨੇ ਨੁਕਸਾਨਿਆ ਰੇਹੜੇ ਨੂੰ ਲੁਕਾਉਣ ਲਈ ਹੋਰ ਰੇਹੜਾ ਪੁਲਿਸ ਨੂੰ ਦਿਖਾਇਆ ਸੀ। ਪੁਲਿਸ ਨੇ ਨੁਕਸਾਨਿਆ ਰੇਹੜਾ ਵੀ ਬਰਾਮਦ ਕਰ ਕੇ ਜਰਨੈਲ ਸਿੰਘ ਵਿਰੁੱਧ ਬੀਐੱਨਐੱਸ 105,304(4 ),324(5),285 ਅਧੀਨ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।