ਰੁਜ਼ਗਾਰ ਮੇਲੇ ਤਹਿਤ 651 ਨੌਜਵਾਨਾਂ ਨੂੰ ਵੰਡੇ ਨਿਯੁਕਤੀ-ਪੱਤਰ
18ਵੇਂ ਰੁਜ਼ਗਾਰ ਮੇਲੇ ਤਹਿਤ ਜਲੰਧਰ ਵਿਖੇ 651 ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਵੰਡੇ ਗਏ
Publish Date: Sat, 24 Jan 2026 08:24 PM (IST)
Updated Date: Sat, 24 Jan 2026 08:28 PM (IST)
-ਪੀਐੱਮ ਵੱਲੋਂ ਵੀਡੀਓ ਸੰਦੇਸ਼ ਰਾਹੀਂ ਨਵ-ਨਿਯੁਕਤ ਉਮੀਦਵਾਰਾਂ ਨੂੰ ਕੀਤਾ ਸੰਬੋਧਨ
-ਦੇਸ਼ ਦੀ ਤਰੱਕੀ ’ਚ ਨੌਜਵਾਨ ਵਰਗ ਦੀ ਖ਼ਾਸ ਭੂਮਿਕਾ : ਡਾ. ਅਤੁਲ ਫ਼ੁਲਜ਼ੇਲੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਯੁਵਾ ਸ਼ਕਤੀ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਸੰਦੇਸ਼ ਰਾਹੀਂ ਦੇਸ਼ ਦੀਆਂ ਵੱਖ-ਵੱਖ 45 ਥਾਵਾਂ ’ਤੇ ਰੁਜ਼ਗਾਰ ਮੇਲਿਆਂ ਨੂੰ ਸੰਬੋਧਨ ਕੀਤਾ ਗਿਆ ਤੇ ਨਵ-ਨਿਯੁਕਤ ਹੋਏ ਨੌਜਵਾਨਾਂ ਨੂੰ 61,000 ਤੋਂ ਵੱਧ ਨਿਯੁਕਤੀ-ਪੱਤਰ ਵੰਡੇ ਗਏ। ਇਸ 18ਵੇਂ ਰੁਜ਼ਗਾਰ ਮੇਲੇ ਤਹਿਤ ਹੈੱਡਕੁਆਰਟਰ ਪੰਜਾਬ ਫਰੰਟੀਅਰ, ਬੀਐੱਸਐੱਫ਼, ਜਲੰਧਰ ਕੈਂਟ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ’ਚ ਹੈੱਡਕੁਆਰਟਰ ਪੰਜਾਬ ਫਰੰਟੀਅਰ, ਬੀਐੱਸਐੱਫ਼ ਦੇ ਇੰਸਪੈਕਟਰ ਜਨਰਲ (ਆਈਜੀ) ਡਾ. ਅਤੁਲ ਫ਼ੁਲਜ਼ੇਲੇ, ਡੀਆਈਜੀ (ਜੀ) ਕੰਵਲਜੀਤ ਸਿੰਘ, ਡੀਆਈਜੀ (ਪੀਐੱਸਓ) ਸੀਐੱਚ ਸੇਤੁਰਾਮ ਤੇ ਬੀਐੱਸਐੱਫ਼ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਨਵ-ਨਿਯੁਕਤਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਇਸ ਦੌਰਾਨ 651 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਆਪਣੇ ਸੰਬੋਧਨ ’ਚ ਡਾ. ਅਤੁਲ ਫ਼ੁਲਜ਼ੇਲੇ ਨੇ ਨਵ-ਨਿਯੁਕਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਤਰੱਕੀ ’ਚ ਨੌਜਵਾਨ ਵਰਗ ਦੀ ਖ਼ਾਸ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਵਿਚ 2022 ’ਚ ਸ਼ੁਰੂ ਕੀਤੇ ਗਏ ਰੁਜ਼ਗਾਰ ਮੇਲੇ ਜ਼ਰੀਏ ਹੁਣ ਤੱਕ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ, ਜਿਸ ਨਾਲ ਦੇਸ਼ ਦੀ ਤਰੱਕੀ ਦੀ ਰਫ਼ਤਾਰ ਹੋਰ ਤੇਜ਼ ਹੋਈ ਹੈ। ਡਾ. ਅਤੁਲ ਫ਼ੁਲਜ਼ੇਲੇ ਨੇ ਕਿਹਾ ਕਿ ਦੇਸ਼ ਦੀ ਨਿਰੰਤਰ ਹੋ ਰਹੀ ਤਰੱਕੀ ਦੇ ਨਾਲ-ਨਾਲ ਰੁਜ਼ਗਾਰ ਦੇ ਵੀ ਬੇਅੰਤ ਮੌਕੇ ਪੈਦਾ ਹੋ ਰਹੇ ਹਨ, ਜੋ ਦੇਸ਼ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਵੱਲ ਇਸ਼ਾਰਾ ਕਰਦੇ ਹਨ। ਡਾ. ਫੁਲਜ਼ੇਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਰੁਜ਼ਗਾਰ ਦੇ ਕਈ ਰਾਹ ਖੋਲ੍ਹੇ ਹਨ, ਜਿਨ੍ਹਾਂ ਬਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਕਿੱਲ ਅਧਾਰਿਤ ਰੁਜ਼ਗਾਰ ਦੀ ਮੰਗ ਨਿਰੰਤਰ ਵੱਧ ਰਹੀ ਹੈ ਇਸ ਲਈ ਨੌਜਵਾਨਾਂ ਨੂੰ ਆਪਣੇ ਹੁਨਰ ਪਛਾਣਨ ਤੇ ਉਨ੍ਹਾਂ ਨੂੰ ਤਰਾਸ਼ਣ ਵੱਲ ਮਿਹਨਤ ਕਰਨੀ ਚਾਹੀਦੀ ਹੈ। ਡਾ. ਫ਼ੁਲਜ਼ੇਲੇ ਨੇ ਨੌਜਵਾਨਾਂ ਨੂੰ ਹੋਰ ਜ਼ਿਆਦਾ ਪ੍ਰਾਪਤੀਆਂ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਤੋਂ ਬਾਅਦ ਵੀ ਨੌਜਵਾਨਾਂ ਨੂੰ ਗਿਆਨ ’ਚ ਵਾਧੇ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਹੋਰ ਅੱਗੇ ਵੱਧ ਸਕਣ।