ਚੋਰੀ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ ਕੈਂਟ ’ਚ ਫੌਜੀ ਅਧਿਕਾਰੀ ਦੇ ਕਵਾਟਰ ਚੋਰੀ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
Publish Date: Sat, 24 Jan 2026 09:44 PM (IST)
Updated Date: Sun, 25 Jan 2026 04:22 AM (IST)

--ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਆਸ਼ੀਸ਼ ਉਰਫ਼ ਰੋਹਿਤ ਉਰਫ਼ ਬਿਹਾਰੀ ਕਾਬੂ, ਫਰਾਰ ਸਾਥੀਆਂ ਦੀ ਤਲਾਸ਼ ਜਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕੈਂਟ ’ਚ ਫੌਜੀ ਅਧਿਕਾਰੀ ਦੇ ਸਰਕਾਰੀ ਕੁਆਰਟਰ ’ਚ ਹੋਈ ਚੋਰੀ ਦੀ ਵਾਰਦਾਤ ’ਚ ਥਾਣਾ ਕੈਂਟ ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪਿੰਡ ਬੰਬਿਆਵਾਲ ਦੇ ਰਹਿਣ ਵਾਲੇ ਆਸ਼ੀਸ਼ ਉਰਫ਼ ਰੋਹਿਤ ਉਰਫ਼ ਬਿਹਾਰੀ ਵਜੋਂ ਹੋਈ ਹੈ। ਪੁਲਿਸ ਨੇ ਉਸਨੂੰ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਕਾਬੂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਚੋਰੀ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਤਲਾਸ਼ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਇਸ ਮਾਮਲੇ ਦੇ ਮੁੱਖ ਮੁਲਜ਼ਮ ਪਿੰਡ ਰਹਿਮਾਨਪੁਰ ਦੇ ਰਹਿਣ ਵਾਲੇ ਵਿਕਾਸ ਉਰਫ਼ ਜਿੰਨ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਥਾਣਾ ਕੈਂਟ ਪੁਲਿਸ ਮੁਤਾਬਕ ਵਿਕਾਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਚੋਰੀ ਦੀ ਯੋਜਨਾ ਬਣਾਈ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਸੀ ਕਿ ਚੋਰੀ ਤੋਂ ਪਹਿਲਾਂ ਫੌਜੀ ਅਧਿਕਾਰੀ ਦੇ ਕੁਆਰਟਰ ਦੀ ਰੇਕੀ ਕੀਤੀ ਗਈ ਸੀ ਤੇ ਅਧਿਕਾਰੀ ਦੇ ਘਰ ਤੋਂ ਬਾਹਰ ਹੋਣ ਦਾ ਪੂਰਾ ਫਾਇਦਾ ਉਠਾਇਆ ਗਿਆ। ਇਹ ਚੋਰੀ ਜਲੰਧਰ ਕੈਂਟ ਦੇ ਰਣਜੀਤ ਰੋਡ ਇਲਾਕੇ ’ਚ ਸਥਿਤ ਫੌਜੀ ਅਧਿਕਾਰੀ ਕੈਪਟਨ ਅਭਿਮਨਿਊ ਕੁਮਾਰ ਸਿੰਘ ਦੇ ਸਰਕਾਰੀ ਕੁਆਰਟਰ ’ਚ ਹੋਈ ਸੀ। ਕੈਪਟਨ ਅਭਿਮਨਿਊ ਕੁਮਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 9 ਤਾਰੀਖ ਨੂੰ ਕਿਸੇ ਜ਼ਰੂਰੀ ਕੰਮ ਕਰਕੇ ਘਰ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਅਣਪਛਾਤੇ ਚੋਰਾਂ ਨੇ ਉਸਦੇ ਖਾਲੀ ਕਵਾਟਰ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਅਲਮਾਰੀ ਤੋੜ ਦਿੱਤੀ ਤੇ ਉਸ ’ਚ ਰੱਖਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰ ਅਲਮਾਰੀ ’ਚੋਂ ਲਗਭਗ 5 ਹਜ਼ਾਰ ਰੁਪਏ ਨਕਦ, ਇਕ ਲੈਪਟਾਪ, ਸੈਮਸੰਗ ਕੰਪਨੀ ਦੀ ਘੜੀ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਜਦੋਂ ਕੈਪਟਨ ਅਭਿਮਨਿਊ ਕੁਮਾਰ ਸਿੰਘ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਕੁਆਰਟਰ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀ ਟੁੱਟੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਕੈਂਟ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਜਾਂਚ ਦੌਰਾਨ ਸ਼ੱਕੀ ਨੌਜਵਾਨਾਂ ਦੀਆਂ ਗਤਿਵਿਧੀਆਂ ਕੈਮਰਿਆਂ ’ਚ ਕੈਦ ਮਿਲੀਆਂ, ਜਿਸ ਦੇ ਆਧਾਰ ’ਤੇ ਪਹਿਲਾਂ ਵਿਕਾਸ ਉਰਫ਼ ਜਿੰਨ ਤੇ ਹੁਣ ਆਸ਼ੀਸ਼ ਉਰਫ਼ ਰੋਹਿਤ ਉਰਫ਼ ਬਿਹਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨਾਲ ਹੀ ਚੋਰੀ ਹੋਇਆ ਬਾਕੀ ਸਾਮਾਨ ਬਰਾਮਦ ਕਰਨ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।