ਕਾਉਂਕੇ, ਭੀਖੀ ਤੇ ਸਿੱਧੂ ਦਾ ਦੇਸ਼ ਭਗਤ ਹਾਲ ਵੱਲੋਂ ਸਨਮਾਨ
ਅਮਰਜੀਤ ਕਾਉਂਕੇ, ਸੱਤਪਾਲ ਭੀਖੀ ਤੇ ਚਿੱਟਾ ਸਿੱਧੂ ਦਾ ਦੇਸ਼ ਭਗਤ ਹਾਲ ਵੱਲੋਂ ਸਨਮਾਨ
Publish Date: Wed, 07 Jan 2026 07:09 PM (IST)
Updated Date: Wed, 07 Jan 2026 07:11 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਅਮਰਜੀਤ ਕੌਂਕੇ, ਸੱਤਪਾਲ ਭੀਖੀ ਤੇ ਵਾਰਤਾਕਾਰ ਚਿੱਟਾ ਸਿੱਧੂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਕੌਕੇ ਨੇ ਆਪਣੀ ਨਵ-ਸਿਰਜੀ ਕਵਿਤਾ ਵੀ ਸਾਂਝੀ ਕੀਤੀ। ਇਸ ਮਿਲਣੀ ਦੇ ਸਬੱਬ ਨਾਲ ਸਾਹਿਤ, ਕਲਾ, ਸਮਾਜ, ਪ੍ਰਵਾਸ ਸੋਸ਼ਲ ਮੀਡੀਆ ਤੇ ਸਥਾਪਤੀ ਦੀਆਂ ਨਵੀਆਂ ਜਾਦੂਗਰੀਆਂ ਦੇ ਦੌਰ ’ਚ ਵੀ ਲੋਕ ਸਰੋਕਾਰਾਂ ਦੀ ਧੜਕਣ ਨਾਲ਼ ਜੁੜੇ ਸਾਹਿਤ ਦੀ ਮਾਣਮੱਤੀ ਭੂਮਿਕਾ ਬਾਰੇ ਵੀ ਵਿਚਾਰਾਂ ਹੋਈਆਂ। ਇਨ੍ਹਾਂ ਤਿੰਨਾਂ ਕਲਮਕਾਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵੱਲੋਂ ਇਤਿਹਾਸ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ’ਚ ਇਕ ਦੇਸ਼ ਭਗਤ ਮਰਕਜ਼ ਵਜੋਂ ਤੇ ਸਾਹਿਤਕਾਰਾਂ ਦੀ ਮਿਲਣੀ ਦੇ ਆਪਣੇ ਸਾਂਝੇ ਵਿਹੜੇ ਵਜੋਂ ਨਿਭਾਈ ਜਾ ਰਹੀ ਗੌਰਵਸ਼ਾਲੀ ਭੂਮਿਕਾ ਉਪਰ ਨਾਜ਼ ਦਾ ਇਜ਼ਹਾਰ ਕੀਤਾ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਤੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਅਮਰਜੀਤ ਕਉਂਕੇ, ਸੱਤਪਾਲ ਭੀਖੀ ਤੇ ਵਾਰਤਾਕਾਰ ਚਿੱਟਾ ਸਿੱਧੂ ਦਾ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨ ਕੀਤਾ ਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਸਦਾ ਜੁੜ ਕੇ ਰਹਿਣ ਦੀ ਅਪੀਲ ਕੀਤੀ।