ਆਲਟੋ ਕਾਰ ਪੁਲ਼ੀ ਨਾਲ ਟਕਰਾਈ, ਦੋ ਗੰਭੀਰ ਜ਼ਖ਼ਮੀ
ਨੀਂਦ ਆਉਣ ਕਾਰਨ ਆਲਟੋ ਕਾਰ ਪੁਲੀ ਨਾਲ ਟਕਰਾਈ, ਦੋ ਗੰਭੀਰ ਜ਼ਖਮੀ
Publish Date: Wed, 28 Jan 2026 10:02 PM (IST)
Updated Date: Wed, 28 Jan 2026 10:04 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਾਲਾ ਬੱਕਰਾ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਕਾਲਾ ਬੱਕਰਾ ਨੇੜੇ ਜਲੋਵਾਲ ਕਾਲੋਨੀ ਸਾਹਮਣੇ ਇੰਡੀਅਨ ਆਇਲ ਪੰਪ ਦੇ ਕੋਲ ਦੇਰ ਰਾਤ ਇਕ ਆਲਟੋ ਕਾਰ ਸੜਕ ਕਿਨਾਰੇ ਬਣੀ ਪੁਲੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ’ਚ ਸਵਾਰ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਐੱਸਐੱਸਐੱਫ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਇਕ ਆਲਟੋ ਕਾਰ ਨੰਬਰ ਪੀਬੀ-10-ਡੀਐੱਫ-8770 ਹਾਦਸਾ ਗ੍ਰਸਤ ਹਾਲਤ ’ਚ ਮਿਲੀ। ਉਨ੍ਹਾਂ ਦੱਸਿਆ ਕਿ ਕਾਰ ਨੂੰ ਸਿਕੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਭਿੱਖੀ ਖਟੜਾ, ਜ਼ਿਲ੍ਹਾ ਲੁਧਿਆਣਾ ਚਲਾ ਰਿਹਾ ਸੀ, ਜੋ ਪਠਾਨਕੋਟ ਵੱਲੋਂ ਜਲੰਧਰ ਦੀ ਦਿਸ਼ਾ ਵੱਲ ਜਾ ਰਹੇ ਸਨ। ਡਰਾਈਵਰ ਨੂੰ ਅਚਾਨਕ ਨੀਂਦ ਆ ਜਾਣ ਕਾਰਨ ਕਾਰ ਜਲੋਵਾਲ ਕਾਲੋਨੀ ਨੇੜੇ ਸੜਕ ਕਿਨਾਰੇ ਬਣੀ ਪੁਲੀ ਨਾਲ ਟਕਰਾ ਗਈ। ਇਸ ਹਾਦਸੇ ’ਚ ਸਿਕੰਦਰ ਸਿੰਘ ਤੇ ਕਾਰ ’ਚ ਸਵਾਰ ਹਰਮੀਤ ਸਿੰਘ ਪੁੱਤਰ ਅਵਤਾਰ ਸਿੰਘ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਐੱਸਐੱਸਐੱਫ ਟੀਮ ਵੱਲੋਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਮਦਦ ਨਾਲ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਇਕ ਪਾਸੇ ਕਰਵਾ ਕੇ ਆਵਾਜਾਈ ਸੁਚਾਰੂ ਕਰਵਾਈ।