ਗਲਤ ਬੈਲਟ ਪੇਪਰ ਆਉਣ ’ਤੇ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ, ਢਾਈ ਘੰਟੇ ਬਾਅਦ ਮੁੜ ਸ਼ੁਰੂ ਹੋਈ ਵੋਟਿੰਗ
ਗਲਤ ਬੈਲਟ ਪੇਪਰ ਆਉਣ ’ਤੇ ਅਕਾਲੀ ਦਲ ਵੱਲੋਂ ਪ੍ਰਦਰਸ਼ਨ, ਢਾਈ ਘੰਟੇ ਬਾਅਦ ਮੁੜ ਸ਼ੁਰੂ ਹੋਈ ਵੋਟਿੰਗ
Publish Date: Sun, 14 Dec 2025 06:24 PM (IST)
Updated Date: Sun, 14 Dec 2025 06:24 PM (IST)
- ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬੈਲਟ ਪੇਪਰ ਦਰੁਸਤ ਕਰਵਾਏ, ਪਹਿਲਾਂ ਪਈਆਂ ਵੋਟਾਂ ਰੱਦ
ਅਕਸ਼ੈਦੀਪ ਸ਼ਰਮਾ, ਪੰਜਾਬੀ ਜਾਗਰਣ
ਆਦਮਪੁਰ : ਜ਼ਿਲ੍ਹਾ ਪ੍ਰੀਸ਼ਦ ਜੰਡੂ ਸਿੰਘਾ ਜ਼ੋਨ ਨੰਬਰ 11 ਅਧੀਨ ਆਉਂਦੇ ਪਿੰਡ ਸਿਕੰਦਰਪੁਰ ਵਿਖੇ ਚੋਣਾਂ ਦੌਰਾਨ ਗਲਤ ਜ਼ੋਨ ਦਾ ਬੈਲਟ ਪੇਪਰ ਆ ਜਾਣ ਕਾਰਨ ਵੋਟਿੰਗ ਦਾ ਕੰਮ ਰੋਕ ਦਿੱਤਾ ਗਿਆ। ਕਰੀਬ ਢਾਈ ਘੰਟੇ ਦੀ ਰੁਕਾਵਟ ਤੋਂ ਬਾਅਦ ਸਹੀ ਬੈਲਟ ਪੇਪਰ ਮੌਕੇ ’ਤੇ ਪਹੁੰਚਣ ਉਪਰੰਤ ਵੋਟਿੰਗ ਮੁੜ ਸ਼ੁਰੂ ਕਰਵਾਈ ਗਈ, ਜਦਕਿ ਵੋਟਿੰਗ ਦਾ ਸਮਾਂ ਵੀ ਸ਼ਾਮ 7 ਵਜੇ ਤੱਕ ਵਧਾ ਦਿੱਤਾ ਗਿਆ। ਇਸ ਦੀ ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਮੌਕੇ ’ਤੇ ਪ੍ਰਦਰਸ਼ਨ ਕਰਦਿਆਂ ਇਸ ਨੂੰ ਮੌਜੂਦਾ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ, ਸੀਨੀਅਰ ਆਗੂ ਵਿਪਨ ਦੀਪ ਸਿੰਘ ਸਨੀ ਢਿੱਲੋਂ, ਹਰਿੰਦਰ ਸਿੰਘ ਢੀਂਡਸਾ ਤੇ ਗੁਰਦਿਆਲ ਸਿੰਘ ਨਿੱਝਰ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਿਰੋਧੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਅਜਿਹੀਆਂ ਗਲਤੀਆਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਜ਼ੋਨ ’ਚ ਦੂਜੇ ਜ਼ੋਨ ਦੇ ਬੈਲਟ ਪੇਪਰ ਪਹੁੰਚਾਏ ਗਏ, ਜਿਨ੍ਹਾਂ ’ਤੇ ਕਰੀਬ 13-14 ਵੋਟਾਂ ਵੀ ਪੈ ਚੁੱਕੀਆਂ ਸਨ, ਜੋ ਕਿ ਗੰਭੀਰ ਲਾਪਰਵਾਹੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਤਾਂ ਨੂੰ ਦੇਖਦਿਆਂ ਡੀਐੱਸਪੀ ਆਦਮਪੁਰ ਰਾਜੀਵ ਕੁਮਾਰ, ਥਾਣਾ ਮੁਖੀ ਰਵਿੰਦਰ ਪਾਲ ਸਿੰਘ ਸਮੇਤ ਹੋਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ। ਅਕਾਲੀ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਬੈਲਟ ਪੇਪਰ ਬਦਲੇ ਗਏ ਤੇ ਗਲਤ ਬੈਲਟ ’ਤੇ ਪਈਆਂ ਵੋਟਾਂ ਨੂੰ ਰੱਦ ਕਰ ਕੇ ਵੋਟਿੰਗ ਮੁੜ ਸ਼ੁਰੂ ਕਰਵਾਈ ਗਈ। ਇਸ ਸਬੰਧੀ ਰਿਟਰਨਿੰਗ ਅਫ਼ਸਰ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੰਡੂ ਸਿੰਘਾਂ ਤੇ ਚੋਲਾਂਗ ਜ਼ੋਨ ਵਿਧਾਨ ਸਭਾ ਹਲਕਾ ਆਦਮਪੁਰ ਦੇ ਦੋ ਵੱਖ-ਵੱਖ ਹਿੱਸੇ ਹਨ ਤੇ ਦੋਵਾਂ ’ਚ ਸਿਕੰਦਰਪੁਰ ਨਾਮ ਦੇ ਪਿੰਡ ਹੋਣ ਕਾਰਨ ਬੈਲਟ ਪੇਪਰਾਂ ਦੀ ਇਕ ਕਾਪੀ ਗਲਤੀ ਨਾਲ ਬਦਲ ਗਈ। ਮਾਮਲਾ ਸਾਹਮਣੇ ਆਉਂਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਸਹੀ ਬੈਲਟ ਪੇਪਰ ਭੇਜੇ ਗਏ। ਉਨ੍ਹਾਂ ਕਿਹਾ ਕਿ ਗਲਤ ਤਰੀਕੇ ਨਾਲ ਪਈਆਂ ਕਰੀਬ 13 ਵੋਟਾਂ ਨੂੰ ਰੱਦ ਕਰਕੇ ਵੋਟਰਾਂ ਤੋਂ ਦੁਬਾਰਾ ਵੋਟ ਪਵਾਈ ਜਾ ਰਹੀ ਹੈ ਤੇ ਹੁਣ ਸਿਕੰਦਰਪੁਰ ਬੂਥ ’ਤੇ ਸੁਖਾਵੇਂ ਮਾਹੌਲ ’ਚ ਵੋਟਿੰਗ ਜਾਰੀ ਹੈ।